#AMERICA

ਟਰੰਪ ਖਿਲਾਫ ਚੋਣਾਂ ’ਚ ਧਾਂਦਲੀ ਤੇ ਧੋਖਾਦੇਹੀ ਦੇ ਦੋਸ਼ ਤੈਅ

ਵਾਸ਼ਿੰਗਟਨ, 17 ਅਗਸਤ (ਪੰਜਾਬ ਮੇਲ)- ਡੋਨਾਲਡ ਟਰੰਪ ਖਿਲਾਫ ਧੋਖਾਦੇਹੀ ਤੇ ਚੋਣਾਂ ਵਿਚ ਧਾਂਦਲੀ ਦੇ ਦੋਸ਼ ਤੈਅ ਕਰ ਦਿੱਤੇ ਗਏ। ਟਰੰਪ ’ਤੇ 2020 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਗੜਬੜੀ ਕਰਨ ਦੇ ਦੋਸ਼ ਲੱਗੇ ਸਨ। ਟਰੰਪ ’ਤੇ ਲੱਗੇ ਦੋਸ਼ਾਂ ਦੀ ਦੋ ਸਾਲ ਤੱਕ ਜਾਂਚ ਹੋਈ ਤੇ ਹੁਣ ਜਾਂਚ ਦੇ ਬਾਅਦ ਦੋਸ਼ ਤੈਅ ਹੋ ਗਏ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ’ਤੇ ਇਹ ਚੌਥਾ ਦੋਸ਼ ਹੈ। ਇਸ ਨਾਲ ਟਰੰਪ ਦੀਆਂ ਅਗਲੇ ਸਾਲ ਰਾਸ਼ਟਰਪਤੀ ਚੋਣ ’ਚ ਉਤਰਨ ਦੀਆਂ ਉਮੀਦਾਂ ਨੂੰ ਤਕੜਾ ਝਟਕਾ ਲੱਗ ਸਕਦਾ ਹੈ।
ਟਰੰਪ ਖਿਲਾਫ ਨਿਊਯਾਰਕ, ਦੱਖਣੀ ਫਲੋਰਿਡਾ ਤੇ ਵਾਸ਼ਿੰਗਟਨ ’ਚ ਪਹਿਲਾਂ ਤੋਂ ਹੀ ਮਾਮਲੇ ਚੱਲ ਰਹੇ ਹਨ। ਇਹ ਮਾਮਲਾ ਜਾਰਜੀਆ ਦਾ ਹੈ। ਤਾਜ਼ਾ ਮਾਮਲੇ ’ਚ ਟਰੰਪ ’ਤੇ ਜਾਰਜੀਆ ਦੇ ਰੇਕੇਟੀਅਰ ਇੰਫਲੂਐਂਸਡ ਐਂਡ ਕਰਪਟ ਆਰਗੇਨਾਈਜ਼ੇਸ਼ਨ ਕਾਨੂੰਨ ਦੇ ਉਲੰਘਣ ਦੇ ਦੋਸ਼ ਲਗਾਏ ਗਏ ਹਨ। ਟਰੰਪ ਨਾਲ ਉਨ੍ਹਾਂ ਦੇ ਵਕੀਲ ਰੂਡੀ ਗੁਲਿਆਨੀ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਗੁਲਿਆਨੀ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਥਾਨਕ ਨੇਤਾਵਾਂ ’ਤੇ ਚੋਣ ਨਤੀਜਿਆਂ ਨੂੰ ਲੈ ਕੇ ਦਬਾਅ ਬਣਾਇਆ ਸੀ। ਦੱਸ ਦੇਈਏ ਕਿ ਜਾਰਜੀਆ ’ਚ ਟਰੰਪ ਤੇ ਬਾਈਡਨ ਵਿਚ ਸਖਤ ਮੁਕਾਬਲਾ ਹੋਇਆ ਸੀ।
ਟਰੰਪ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 2020 ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਹਾਰਨ ਦੇ ਬਾਅਦ ਰਾਸ਼ਟਰਪਤੀ ਭਵਨ ਛੱਡਣ ਤੋਂ ਕੁਝ ਸਮਾਂ ਪਹਿਲਾਂ ਜਾਰਜੀਆ ਦੇ ਅਧਿਕਾਰੀਆਂ ਨੂੰ ਫੋਨ ਕਰਕੇ 11780 ਵੋਟਾਂ ਦਾ ਜੁਗਾੜ ਕਰਨ ਦਾ ਦਬਾਅ ਬਣਾਇਆ ਸੀ। ਇਨ੍ਹਾਂ ਵੋਟਾਂ ਦੀ ਮਦਦ ਨਾਲ ਜੋਅ ਬਾਇਡਨ ਦੀ ਜਿੱਤ ਨੂੰ ਪਲਟਿਆ ਜਾ ਸਕਦਾ ਸੀ।
ਟਰੰਪ ਖਿਲਾਫ ਗੁਪਤ ਦਸਤਾਵੇਜ਼ਾਂ ਨੂੰ ਗਲਤ ਤਰੀਕੇ ਨਾਲ ਆਪਣੇ ਕੋਲ ਰੱਖਣ ਦਾ ਵੀ ਮਾਮਲਾ ਚੱਲ ਰਿਹਾ ਹੈ। ਰਿਪਬਲਿਕਨ ਪਾਰਟੀ ਟਰੰਪ ਖਿਲਾਫ ਚੱਲ ਰਹੇ ਮਾਮਲਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੀ ਹੈ। ਦੂਜੇ ਪਾਸੇ ਟਰੰਪ ਵੀ ਖੁਦ ’ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰ ਚੁੱਕੇ ਹਨ।

Leave a comment