#AMERICA

ਟਰੰਪ ਕਾਰਨ ਮੇਰੇ ਪਰਿਵਾਰ ਦੀ ਜਾਨ ਖ਼ਤਰੇ ‘ਚ ਪੈ ਗਈ ਸੀ: ਪੈਂਸ

ਵਾਸ਼ਿੰਗਟਨ, 13 ਮਾਰਚ (ਪੰਜਾਬ ਮੇਲ)- ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਅਮਰੀਕੀ ਸੰਸਦ ‘ਤੇ 6 ਜਨਵਰੀ ਨੂੰ ਹੋਏ ਹਮਲੇ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਘੇਰਿਆ ਹੈ। ਪੈਂਸ ਨੇ ਕਿਹਾ ਕਿ ਟਰੰਪ ਦੇ ਬੇਤੁਕੇ ਬਿਆਨਾਂ ਕਾਰਨ ਉਨ੍ਹਾਂ ਦੇ ਪਰਿਵਾਰ ਅਤੇ ਸੰਸਦ ‘ਚ ਮੌਜੂਦ ਸਾਰੇ ਲੋਕਾਂ ਦੀ ਜਾਨ ਖ਼ਤਰੇ ‘ਚ ਪੈ ਗਈ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਡੋਨਲਡ ਟਰੰਪ ਨੂੰ ਜਵਾਬਦੇਹ ਠਹਿਰਾਏਗਾ। ਇਸ ਨਾਲ ਦੋਵੇਂ ਆਗੂਆਂ ਦੇ ਸਬੰਧਾਂ ‘ਚ ਤਰੇੜ ਆ ਗਈ ਹੈ, ਜਦਕਿ ਉਹ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਰਿਪਬਲਿਕਨ ਨਾਮਜ਼ਦਗੀ ਵਾਸਤੇ ਤਿਆਰੀ ਕਰ ਰਹੇ ਹਨ। ਪੈਂਸ ਨੇ ਰਾਤ ਦੇ ਵਿਸ਼ੇਸ਼ ਭੋਜਨ ਮੌਕੇ ਕਿਹਾ ਕਿ ਰਾਸ਼ਟਰਪਤੀ ਟਰੰਪ ਗਲਤ ਸੀ। ਇਸ ਸਮਾਗਮ ‘ਚ ਸਿਆਸਤਦਾਨਾਂ ਅਤੇ ਪੱਤਰਕਾਰਾਂ ਨੇ ਵੀ ਹਾਜ਼ਰੀ ਭਰੀ। ਕਦੇ ਟਰੰਪ ਦੇ ਵਫ਼ਦਾਰ ਰਹੇ ਪੈਂਸ ਨੇ ਅਜੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਰਿਪਬਲਿਕਨ ਪਾਰਟੀ ‘ਚ ਨਾਮਜ਼ਦਗੀ ਦਾ ਦਾਅਵਾ ਪੇਸ਼ ਨਹੀਂ ਕੀਤਾ ਹੈ ਪਰ ਮੰਨਿਆ ਜਾਂਦਾ ਹੈ ਕਿ ਉਹ ਇਸ ਲਈ ਆਧਾਰ ਤਿਆਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 6 ਜਨਵਰੀ, 2021 ਨੂੰ ਟਰੰਪ ਨੇ ਪੈਂਸ ‘ਤੇ ਦਬਾਅ ਬਣਾਇਆ ਸੀ ਕਿ ਉਹ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ ਨੂੰ ਰੱਦ ਕਰਨ। ਪੈਂਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਦੰਗਾਕਾਰੀ ਸੰਸਦ ਅੰਦਰ ਦਾਖ਼ਲ ਹੋ ਗਏ, ਜਿਨ੍ਹਾਂ ‘ਚੋਂ ਕੁਝ ‘ਮਾਈਕ ਪੈਂਸ ਨੂੰ ਫਾਹੇ ਟੰਗਣ’ ਦੇ ਨਾਅਰੇ ਲਗਾ ਰਹੇ ਸਨ।

Leave a comment