#CANADA

ਟਰੂਡੋ ਦੇ ਤਲਾਕ ਦੇ ਐਲਾਨ ਮਗਰੋਂ ਸਿਆਸੀ ਸਫ਼ਾਂ ’ਚ ਸੰਨਾਟਾ

ਵੈਨਕੂਵਰ, 18 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਵੱਲੋਂ ਦੋ ਹਫ਼ਤੇ ਪਹਿਲਾਂ ਤਲਾਕ ਦੇ ਕੀਤੇ ਗਏ ਐਲਾਨ ਅਤੇ ਇਸ ਸਬੰਧੀ ਕਾਰਵਾਈ ਸ਼ੁਰੂ ਕਰਨ ਮਗਰੋਂ ਦੇਸ਼ ’ਚ ਸਿਆਸੀ ਮਹੌਲ ਸ਼ਾਂਤ ਹੈ। ਐੱਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਚੋਣਾਂ ਵਿੱਚ ਵਿਦੇਸ਼ੀ ਦਖਲ ਦੀ ਜਾਂਚ ’ਚ ਚੀਨ, ਰੂਸ, ਇਰਾਨ ਦੇ ਨਾਲ ਭਾਰਤ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਮੰਗ ਤੋਂ ਬਿਨਾਂ ਕਿਸੇ ਆਗੂ ਨੇ ਵੱਡਾ ਬਿਆਨ ਨਹੀਂ ਦਿੱਤਾ ਹੈ। ਪ੍ਰਧਾਨ ਮੰਤਰੀ ਖ਼ੁਦ 10 ਅਗਸਤ ਤੋਂ ਪਰਿਵਾਰ ਸਣੇ ਛੁੱਟੀਆਂ ਮਨਾਉਣ ਬ੍ਰਿਟਿਸ਼ ਕੋਲੰਬੀਆ ਗਏ ਹੋਏ ਹਨ। ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੋਲਿਵਰ ਪੀਅਰ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਹੈ।

ਪਿਛਲੇ ਮਹੀਨੇ ਮਹਿੰਗਾਈ ਦਰ ਵਿੱਚ ਅੱਧਾ ਫੀਸਦ ਛੜੱਪਾ ਵੱਜ ਕੇ 3.3 ਫੀਸਦ ’ਤੇ ਪਹੁੰਚਣ ਬਾਰੇ ਜਾਰੀ ਸਰਕਾਰੀ ਅੰਕੜੇ ’ਤੇ ਵੀ ਕੋਈ ਆਗੂ ਖੁੱਲ੍ਹ ਕੇ ਨਹੀਂ ਬੋਲਿਆ ਅਤੇ ਨਾ ਹੀ ਇਸ ਵਾਧੇ ਬਾਰੇ ਬੈਂਕ ਆਫ ਕੈਨੇਡਾ ਨੇ ਕੋਈ ਸਪੱਸ਼ਟੀਕਰਨ ਜਾਰੀ ਕੀਤਾ ਹੈ। ਮਹਿੰਗਾਈ ਦਰ ਦੇ ਵਾਧੇ ਨੇ ਮੰਦੀ ਅਤੇ ਉੱਚੀਆਂ ਵਿਆਜ ਦਰਾਂ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ ਹੈ। ਨਿਗੂਣੀਆਂ ਕਾਰਵਾਈਆਂ ਬਾਰੇ ਪ੍ਰੈੱਸ ਨੋਟ ਜਾਰੀ ਕਰਨ ਵਾਲਾ ਪ੍ਰਧਾਨ ਮੰਤਰੀ ਦਫ਼ਤਰ ਵੀ ਚੁੱਪ ਹੈ। ਓਂਟਾਰੀਓ ਵਿੱਚ ਆਡੀਟਰ ਜਨਰਲ ਨੇ ਸਰਕਾਰ ਤਰਫ਼ੋਂ ਗਰੀਨ ਬੈਲਟ ਨਾਲ ਖਿਲਵਾੜ ਕਰਕੇ ਕੁਝ ਉਸਾਰੀ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਫਾਇਦਾ ਪਹੁੰਚਾਣ ਬਾਰੇ ਜਾਰੀ ਕੀਤੀ ਰਿਪੋਰਟ ਬਾਰੇ ਵੀ ਵਿਰੋਧੀ ਧਿਰਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਕੁਝ ਸਿਆਸੀ ਮਾਹਿਰ ਇਸ ਨੂੰ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਦੱਸ ਰਹੇ ਹਨ ਪਰ ਇਸ ਚੁੱਪ ਪਿੱਛੇ ਕੀ ਭੇਤ ਹੈ ਇਹ ਤਾਂ ਸਮਾਂ ਹੀ ਦੱਸੇਗਾ।

Leave a comment