ਲੁਧਿਆਣਾ, 27 ਸਤੰਬਰ (ਪੰਜਾਬ ਮੇਲ)- ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਬਹੁ-ਚਰਚਿਤ ਮਾਮਲੇ ਫੂਡ ਐਂਡ ਸਪਲਾਈ ਵਿਭਾਗ ‘ਚ ਕਥਿਤ ਟਰਾਂਸਪੋਰਟ ਟੈਂਡਰ ਘਪਲੇ ਵਿਚ ਮੁਲਜ਼ਮ ਮੁੱਲਾਂਪੁਰ ਦਾਖਾ ਦੇ ਰਹਿਣ ਵਾਲੇ ਕਮਿਸ਼ਨ ਏਜੰਟ ਅਤੇ ਰਾਇਸ ਮਿੱਲ ਦੇ ਮਾਲਕ ਸੁਰਿੰਦਰ ਕੁਮਾਰ ਧੋਤੀਵਾਲਾ ਦੀ ਮਾਣਯੋਗ ਸੁਪਰੀਮ ਕੋਰਟ ‘ਚ ਅਗਲੀ ਜ਼ਮਾਨਤ ਯਾਚਿਕਾ ਸੋਮਵਾਰ ਨੂੰ ਰੱਦ ਕਰ ਦਿੱਤੀ ਗਈ ਸੀ। ਮਾਣਯੋਗ ਸੁਪਰੀਮ ਕੋਰਟ ਦੇ ਜਸਟਿਸ ਅਤੇ ਏ.ਐੱਸ. ਬੋਪਾਨਾ ਤੇ ਜਸਟਿਸ ਐੱਮ.ਐੱਮ. ਸਨਦਰੇਸ਼ ਦੀ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਸੀ।
ਕੋਰਟ ਨੇ ਦੋਵਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਅਗਲੀ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ 2 ਹਫ਼ਤਿਆਂ ‘ਚ ਵਿਭਾਗ ਕੋਲ ਸਰੰਡਰ ਕਰਨ ਲਈ ਨਿਰਦੇਸ਼ ਦਿੱਤੇ ਸਨ, ਜਿਸ ਕਾਰਨ ਮੁਲਜ਼ਮ ਸੁਰਿੰਦਰ ਕੁਮਾਰ ਧੋਤੀਵਾਲ ਨੇ ਮੰਗਲਵਾਰ ਨੂੰ ਮਾਣਯੋਗ ਸੀ.ਜੇ.ਐੱਮ. ਅਨੁਰਾਧਿਕਾ ਪੁਰੀ ਦੀ ਕੋਰਟ ‘ਚ ਸਰੰਡਰ ਕਰ ਦਿੱਤਾ, ਜਦਕਿ ਇਕ ਹੋਰ ਮੁਲਜ਼ਮ ਸੰਦੀਪ ਭਾਟੀਆ ਨੇ ਅਗਲੀ ਜ਼ਮਾਨਤ ਨਾ ਮਿਲਣ ‘ਤੇ ਉਪਰੋਕਤ ਕੋਰਟ ਵਿਚ ਸਰੰਡਰ ਕਰ ਦਿੱਤਾ। ਮੁਲਜ਼ਮ ਨੂੰ ਸੁਰਿੰਦਰ ਕੁਮਾਰ ਧੋਤੀਵਾਲਾ ਦੀ ਸਿਫਾਰਸ਼ ‘ਤੇ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਟੈਂਡਰ ਦਿੱਤਾ ਗਿਆ ਸੀ। ਉਪਰੋਕਤ ਦੋਵਾਂ ਮੁਲਜ਼ਮਾਂ ਨੂੰ ਕੋਰਟ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੋਰਟ ‘ਚ ਪੇਸ਼ ਕਰਕੇ 2 ਦਿਨ ਦੇ ਪੁਲਿਸ ਰਿਮਾਡ ‘ਤੇ ਲਿਆ ਗਿਆ ਹੈ। ਗੌਰਤਲਬ ਹੈ ਕਿ ਮੁਲਜ਼ਮ ਸੁਰਿੰਦਰ ਧੋਤੀਵਾਲਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਮਾਣਯੋਗ ਹਾਈਕੋਰਟ ਵੱਲੋਂ ਪਹਿਲਾਂ ਵੀ 2 ਵਾਰ ਉਸ ਦੀ ਅਗਲੀ ਜ਼ਮਾਨਤ ਨੂੰ ਰੱਦ ਕੀਤਾ ਜਾ ਚੁੱਕਾ ਹੈ ਅਤੇ ਸੋਮਵਾਰ ਨੂੰ ਵੀ ਉਸ ਦੀ ਜ਼ਮਾਨਤ ਯਾਚਿਕਾ ਖਾਰਿਜ ਕਰ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਮੁਲਜ਼ਮ ਸੁਰਿੰਦਰ ਕੁਮਾਰ ਧੋਤੀਵਾਲਾ ਨੂੰ ਇਸ ਟੈਂਡਰ ਸਕੈਮ ‘ਚ 15 ਸਤੰਬਰ 2022 ਨੂੰ ਨਾਮਜ਼ਦ ਕੀਤਾ ਗਿਆ ਸੀ। ਜ਼ਮਾਨਤ ਯਾਚਿਕਾਵਾਂ ਰੱਦ ਹੋਣ ਤੋਂ ਬਾਅਦ ਮੁਲਜ਼ਮ ਸੁਰਿੰਦਰ ਕੁਮਾਰ ਇਧਰ-ਉਧਰ ਛੁਪ ਕੇ ਰਹਿ ਰਿਹਾ ਸੀ। ਹੁਣ ਕੋਰਟ ਨੇ ਸੁਣਵਾਈ ਕਰਦਿਆਂ ਉੁਸ ਨੂੰ ਭਗੌੜਾ ਕਰਾਰ ਦਿੱਤਾ ਸੀ।
ਇਸ ਕਥਿਤ ਘਪਲੇ ਵਿਚ 9 ਮੁਲਜ਼ਮ ਜਿਨ੍ਹਾਂ ‘ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ ਠੇਕੇਦਾਰ, ਹਰਵੀਨ ਕੌਰ ਡੀ.ਐੱਫ.ਐੱਸ.ਸੀ. ਸੁਖਵਿੰਦਰ ਗਿੱਲ ਡੀ.ਐੱਫ.ਐੱਸ.ਸੀ., ਪੰਕਜ ਉਰਫ ਮੀਨੂ ਮਲਹੋਤਰਾ ਪੀ.ਏ., ਇੰਦਰਜੀਤ ਸਿੰਘ ਇੰਦੀ ਪੀ.ਏ., ਅਨਿਲ ਜੈਨ ਆੜ੍ਹਤੀਆ, ਕ੍ਰਿਸ਼ਨ ਲਾਲ ਧੋਤੀਵਾਲਾ ਆੜ੍ਹਤੀਆ ਅਤੇ ਜਗਰੂਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮ ਜਗਰੂਪ ਸਿੰਘ ਨੂੰ ਵੀ ਕੋਰਟ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਜਗਰੂਪ ਸਿੰਘ ਨੂੰ ਛੱਡ ਕੇ ਹੋਰ ਤਿੰਨਾਂ ਦੇ ਚਲਾਨ ਕੋਰਟ ਵਿਚ ਦਾਖਲ ਕਰ ਦਿੱਤੇ ਗਏ ਹਨ। ਇਕ ਹੋਰ ਮੁਲਜ਼ਮ ਰਾਕੇਸ਼ ਕੁਮਾਰ ਸਿੰਗਲਾ ਡਿਪਟੀ ਡਾਇਰੈਕਟਰ ਫੂਡ ਸਪਲਾਈ ਅਤੇ ਸੁਰਿੰਦਰ ਕੁਮਾਰ ਬੇਰੀ ਰਿਟਾਇਰਡ ਡੀ.ਐੱਫ.ਐੱਸ.ਸੀ. ਅਤੇ ਜਗਨਦੀਪ ਸਿੰਘ ਢਿੱਲੋਂ ਡੀ.ਐੱਮ. ਪਨਸਪ ਨੂੰ ਮਾਣਯੋਗ ਹਾਈਕੋਰਟ ਵੱਲੋਂ ਅਗਲੀ ਜ਼ਮਾਨਤ ਦਿੱਤੀ ਗਈ ਹੈ। ਮੁਲਜ਼ਮ ਸੰਦੀਪ ਭਾਟੀਆ ਦੀ ਵੀ ਤਲਾਸ਼ ਕੀਤੀ ਜਾ ਰਹੀ ਸੀ।