#AMERICA

ਝੂਠ ਬੋਲ ਕੇ ਰਿਵਾਲਵਰ ਲੈਣ ਦਾ ਮਾਮਲਾ- ਰਾਸ਼ਟਰਪਤੀ ਦੇ ਪੁੱਤਰ ਹੰਟਰ ਬਾਈਡਨ ਵੱਲੋਂ ਦੋਸ਼ਾਂ ਦਾ ਵਿਰੋਧ ਕਰਨ ਦਾ ਫੈਸਲਾ, ਨਹੀਂ ਦਾਇਰ ਕਰੇਗਾ ਦੋਸ਼ੀ ਹੋਣ ਦੀ ਦਰਖਾਸਤ

* ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਦੀ ਕੀਤੀ ਮੰਗ

ਸੈਕਰਾਮੈਂਟੋ,ਕੈਲੀਫੋਰਨੀਆ, 21 ਸਤੰਬਰ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਵੱਲੋਂ ਆਪਣੇ ਉਪਰ ਆਇਦ ਹੋਏ ਸੰਘੀ ਗਨ ਦੋਸ਼ਾਂ ਦਾ ਵਿਰੋਧ ਕਰਨ ਦੀ ਖਬਰ ਹੈ ਤੇ ਉਸ ਵੱਲੋਂ ਦੋਸ਼ ਮੰਨਣ ਸਬੰਧੀ ਦਰਖਾਸਤ ਦਾਇਰ ਕਰਨ ਦੀ ਯੋਜਨਾ ਨਹੀਂ ਹੈ। ਹੰਟਰ ਬਾਈਡਨ ਨੇ ਆਪਣੀ ਮੁੱਢਲੀ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਉਸ  ਨੂੰ ਸੁਣਵਾਈ ਲਈ ਵਿਲਮਿੰਗਟਨ, ਡੇਲਾਵੇਅਰ ਨਾ ਆਉਣਾ ਪਵੇ। ਇਸ ਬੇਨਤੀ ਦਾ ਸਰਕਾਰ ਨੇ ਵਿਰੋਧ ਕੀਤਾ ਹੈ। ਯੂ ਐਸ ਮਜਿਸਟ੍ਰੇਟ ਜੱਜ ਕ੍ਰਿਸਟੋਫਰ ਬੁਰਕ ਨੇ ਦੋਨਾਂ ਧਿਰਾਂ ਨੂੰ ਵੀਡੀਓ ਸੁਣਵਾਈ ਬਾਰੇ ਲਿਖਤੀ ਪੱਖ ਰਖਣ ਲਈ ਕਿਹਾ ਹੈ। ਮੁੱਢਲੀ ਸੁਣਵਾਈ ਲਈ ਅਜੇ ਤਰੀਕ ਨਿਸ਼ਚਤ ਨਹੀਂ ਹੋਈ ਹੈ। ਇਸੇ ਦੌਰਾਨ ਰਿਪਬਲੀਕਨ ਸੰਸਦ ਮੈਂਬਰਾਂ ਨੇ ਹੰਟਰ ਬਾਈਡਨ ਵਿਰੁੱਧ ਦੋਸ਼ ਲਾਉਣ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਹੰਟਰ ਵਿਰੁੱਧ ਜਾਂਚ ਇਕ ” ਪੱਖਪਾਤੀ ਸੌਦਾ” ਹੈ ਕਿਉਂਕਿ ਉਸ ਦਾ ਪਿਤਾ ਰਾਸ਼ਟਰਪਤੀ ਹੈ। ਬਾਈਡਨ ਹੰਟਰ ਦੇ ਵਕੀਲ ਅਬੇ ਲੋਵੈਲ ਨੇ ਦਲੀਲ ਦਿੱਤੀ ਹੈ ਕਿ ਇਕ ਸੰਖੇਪ ਸੁਣਵਾਈ ਲਈ ਉਸ ਨੂੰ ਲਾਸ ਏਂਜਲਸ ਤੋਂ ਆਉਣਾ ਪਵੇਗਾ ਜਿਸ ਕਾਰਨ ਉਸ ਉਪਰ ਬੋਲੇੜਾ ਬੋਝ ਪਵੇਗਾ। ਲੋਵੈਲ ਨੇ ਕਿਹਾ ਹੈ ਕਿ ਬਾਈਡਨ ਦੋਸ਼ਾਂ ਦਾ ਵਿਰੋਧ ਕਰੇਗਾ ਤੇ ਉਹ ਦੋਸ਼ੀ ਨਹੀਂ ਹੋਣ ਦੀ ਅਪੀਲ ਦਾਇਰ ਕਰੇਗਾ। ਉਨਾਂ ਕਿਹਾ ਕਿ ਇਸ ਦਾ ਕੋਈ ਕਾਰਨ ਨਹੀਂ ਹੈ ਕਿ ਉਹ ਦੋ ਸ਼ਬਦ ਵੀਡੀਓ ਕਾਨਫਰੰਸ ਰਾਹੀਂ ਬੋਲ ਨਹੀਂ ਸਕਦਾ। ਉਹ ਆਪਣਾ ਪੱਖ ਵੀਡੀਓ ਕਾਨਫਰੰਸ ਰਾਹੀਂ ਰਖ ਸਕਦਾ ਹੈ। ਬਾਈਡਨ ਹੰਟਰ ਵਿਰੁੱਧ ਲਾਏ ਦੋਸ਼ਾਂ ਵਿਚ ਕਿਹਾ ਗਿਆ ਹੈ ਕਿ ਉਸ ਨੇ 12 ਅਕਤੂਬਰ 2018 ਨੂੰ ਰਿਵਾਲਰ ਲੈਣ ਸਮੇ ਹਥਿਆਰਾਂ ਦੇ ਡੀਲਰ ਕੋਲ ਝੂਠ ਬੋਲਿਆ ਸੀ ਕਿ ਉਹ ਡੱਰਗ ਨਹੀਂ ਲੈਂਦਾ ਹੈ। ਉਸ ਨੇ  ਇਹ ਜਾਣਦਿਆਂ ਹੋਇਆਂ ਕਿ ਡਰੱਗ ਲੈਣ ਵਾਲਿਆਂ ‘ਤੇ ਹਥਿਆਰ ਰਖਣ ਦੀ ਪਾਬੰਦੀ ਹੈ, ਦੇ ਬਾਵਜੂਦ ਆਪਣੇ ਕੋਲ ਰਿਵਾਲਵਰ ਰਖਿਆ।

Leave a comment