ਵਾਸ਼ਿੰਗਟਨ, 23 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਉਹ 2024 ‘ਚ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਦਫਤਰ ਅਤੇ ਰਿਹਾਇਸ਼) ‘ਚ ਵਾਪਸੀ ਕਰਨ ‘ਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ‘ਨਹੀਂ ਲੱਗਦਾ’ ਕਿ ਉਹ 2028 ਵਿਚ ਰਾਸ਼ਟਰਪਤੀ ਅਹੁਦੇ ਲਈ ਦੁਬਾਰਾ ਚੋਣ ਲੜਨਗੇ। ਜਦੋਂ ਪੱਤਰਕਾਰ ਸ਼ੈਰਲ ਐਟਕਿਸਨ ਨੇ ਟਰੰਪ ਨੂੰ ਮੁੜ ਰਾਸ਼ਟਰਪਤੀ ਚੋਣ ਲੜਨ ਬਾਰੇ ਪੁੱਛਿਆ, ਤਾਂ ਉਨ੍ਹਾਂ ਕਿਹਾ, ”ਨਹੀਂ, ਮੈਂ (ਚੋਣ) ਨਹੀਂ ਲੜ ਸਕਾਂਗਾ।”
ਟਰੰਪ ਦੀ ਇਹ ਟਿੱਪਣੀ ਇਸ ਲਈ ਜ਼ਿਕਰਯੋਗ ਹੈ ਕਿ ਕਿਉਂਕਿ ਉਨ੍ਹਾਂ ਨੇ ਵ੍ਹਾਈਟ ਹਾਊਸ ਲਈ ਚੌਥੀ ਵਾਰ ਉਮੀਦਵਾਰੀ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ ਅਤੇ ਉਹ ਕਦੇ ਵੀ ਇਸ ਸੰਭਾਵਨਾ ਨੂੰ ਸਵੀਕਾਰ ਨਹੀਂ ਕੀਤਾ ਹੈ ਕਿ ਉਹ ਵੈਧ ਰੂਪ ਵਿਚ ਚੋਣ ਹਾਰ ਸਕਦਾ ਹੈ। ਟਰੰਪ ਆਮ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਅਜਿਹਾ (ਚੋਣਾਂ ਵਿਚ ਉਸਦੀ ਹਾਰ) ਤਾਂ ਹੀ ਹੋ ਸਕਦਾ ਹੈ, ਜੇਕਰ ਵੱਡੇ ਪੱਧਰ ‘ਤੇ ਧੋਖਾਧੜੀ ਹੋਈ ਹੈ। ਇਸ ਤੋਂ ਪਹਿਲਾਂ ਉਹ 2020 ਦੀਆਂ ਚੋਣਾਂ ਵਿਚ ਵੀ ਇਹੋ ਇਲਜ਼ਾਮ ਲਗਾ ਚੁੱਕੇ ਹਨ ਅਤੇ 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਇਸ ਨੂੰ ਪ੍ਰਮੁੱਖਤਾ ਨਾਲ ਉਠਾਉਂਦੇ ਰਹੇ ਹਨ। ਰਾਸ਼ਟਰਪਤੀ ਜੋਅ ਬਾਇਡਨ ਇਸ ਸਮੇਂ 81 ਸਾਲ ਦੇ ਹਨ ਅਤੇ 2028 ਵਿਚ ਟਰੰਪ ਦੀ ਉਮਰ ਬਾਇਡਨ ਦੀ ਮੌਜੂਦਾ ਉਮਰ ਯਾਨੀ 82 ਸਾਲ ਤੋਂ ਇੱਕ ਸਾਲ ਵੱਧ ਹੋਵੇਗੀ। ਬਾਇਡਨ ਨੇ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਜੁਲਾਈ ਵਿਚ ਟਰੰਪ ਨਾਲ ਬਹਿਸ ਦੌਰਾਨ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਚੋਣ ਦੌੜ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ।