#PUNJAB

ਕਾਂਗਰਸੀ ਕੌਂਸਲਰ ਕਤਲ ਕਾਂਡ: ਗੈਂਗਸਟਰ ਜੱਗੂ ਭਗਵਾਨਪੁਰਿਆ ਸਮੇਤ 5 ਬਰੀ, 3 ਨੂੰ ਉਮਰਕੈਦ

ਪੀੜਤ ਪਰਿਵਾਰ ਨੇ ਫੈਸਲੇ ਨੂੰ ਦੱਸਿਆ ‘ਨਿਰਾਸ਼ਾਜਨਕ’; ਹਾਈਕੋਰਟ ਜਾਣ ਦੀ ਤਿਆਰੀ
ਅੰਮ੍ਰਿਤਸਰ, 16 ਮਈ (ਪੰਜਾਬ ਮੇਲ)- ਅੰਮ੍ਰਿਤਸਰ ਦੇ ਚਰਚਿਤ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਦਿਨ-ਦਿਹਾੜੇ ਹੋਏ ਸਨਸਨੀਖੇਜ਼ ਕਤਲ ਦੇ ਅੱਠ ਸਾਲਾਂ ਬਾਅਦ, ਵਧੀਕ ਸੈਸ਼ਨ ਜੱਜ ਸੰਜੀਵ ਕੁੰਡੀ ਦੀ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਨਾਮੀ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰਿਆ ਸਮੇਤ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ, ਜਦੋਂਕਿ ਤਿੰਨ ਹੋਰਨਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਹੈ। ਸ਼ੁੱਕਰਵਾਰ ਸ਼ਾਮ ਨੂੰ ਸੁਣਾਇਆ ਗਿਆ ਇਹ ਫੈਸਲਾ ਸ਼ਨੀਵਾਰ ਨੂੰ ਅਧਿਕਾਰਤ ਤੌਰ ‘ਤੇ ਅਪਲੋਡ ਕੀਤਾ ਗਿਆ।
ਅਦਾਲਤ ਵੱਲੋਂ ਜੱਗੂ ਭਗਵਾਨਪੁਰਿਆ ਤੋਂ ਇਲਾਵਾ ਜਿਨ੍ਹਾਂ ਹੋਰਨਾਂ ਗੈਂਗਸਟਰਾਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਵਿਚ ਬੌਬੀ ਮਲਹੋਤਰਾ, ਭੁਪਿੰਦਰ ਸਿੰਘ ਉਰਫ਼ ਸੋਨੂੰ ਕੰਗਲਾ, ਕਾਰਤਿਕ ਉਰਫ਼ ਘੋੜਾ ਅਤੇ ਵਰਿੰਦਰ ਸਿੰਘ ਉਰਫ਼ ਸੰਨੀ ਸ਼ਾਮਲ ਹਨ। ਮਾਨਯੋਗ ਜੱਜ ਨੇ ਆਪਣੇ ਫੈਸਲੇ ਵਿਚ ਟਿੱਪਣੀ ਕੀਤੀ ਕਿ ਸਰਕਾਰੀ ਪੱਖ (ਪ੍ਰੋਸੀਕਿਊਸ਼ਨ) ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਬਿਨਾਂ ਕਿਸੇ ਸ਼ੱਕ ਦੇ ਸਾਬਤ ਕਰਨ ਵਿਚ ‘ਪੂਰੀ ਤਰ੍ਹਾਂ ਨਾਕਾਮ’ ਰਿਹਾ ਹੈ।
ਦੂਜੇ ਪਾਸੇ, ਅਦਾਲਤ ਨੇ ਤਿੰਨ ਮੁਲਜ਼ਮਾਂ ਅਰੁਣ ਕੁਮਾਰ ਉਰਫ਼ ਛੁਰੀਮਾਰ, ਅੰਗਰੇਜ਼ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ਼ ਰਿੰਕਾ ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼), 148 (ਜਾਨਲੇਵਾ ਹਥਿਆਰਾਂ ਨਾਲ ਦੰਗਾ ਕਰਨਾ), 302 (ਕਤਲ), 473 (ਜਾਅਲਸਾਜ਼ੀ) ਅਤੇ 201 (ਸਬੂਤ ਨਸ਼ਟ ਕਰਨਾ) ਤਹਿਤ ਦੋਸ਼ੀ ਪਾਇਆ। ਅਦਾਲਤ ਨੇ ਤਿੰਨਾਂ ਨੂੰ ਸਖ਼ਤ ਉਮਰਕੈਦ ਦੀ ਸਜ਼ਾ ਸੁਣਾਈ ਅਤੇ 22,000-22,000 ਰੁਪਏ ਜੁਰਮਾਨਾ ਕੀਤਾ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਨ੍ਹਾਂ ਨੂੰ 6 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ।
ਜ਼ਿਕਰਯੋਗ ਹੈ ਕਿ ਕੇਸ ਦੀ ਸੁਣਵਾਈ ਦੌਰਾਨ ਦੋ ਮੁਲਜ਼ਮਾਂ ਰਵਨੀਤ ਸਿੰਘ ਉਰਫ਼ ਸੋਨੂੰ ਮੋਟਾ ਅਤੇ ਰਜਤ ਮਲਹੋਤਰਾ ਉਰਫ਼ ਕਰਨ ਮਸਤੀ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਸੋਨੂੰ ਮੋਟਾ ਦਾ ਕਤਲ ਅਪ੍ਰੈਲ 2025 ਵਿਚ ਗੁਰਦੀਪ ਪਹਿਲਵਾਨ ਦੇ ਪੁੱਤਰ ਅਭਿਰਾਜ ਸਿੰਘ ਉਰਫ਼ ਅਭੀ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਗੋਲੀਆਂ ਮਾਰ ਕੇ ਕਰ ਦਿੱਤਾ ਸੀ।
ਮ੍ਰਿਤਕ ਕੌਂਸਲਰ ਦੇ ਭਰਾ ਸੁਖਬੀਰ ਸਿੰਘ ਉਰਫ਼ ਸੋਨੂੰ ਪਹਿਲਵਾਨ ਨੇ ਅਦਾਲਤੀ ਫੈਸਲੇ ‘ਤੇ ਡੂੰਘੀ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ, ”ਉਹ ਸਾਰੇ ਮੁੱਖ ਮੁਲਜ਼ਮ, ਜਿਨ੍ਹਾਂ ਦੀ ਗੁਰਦੀਪ ਨਾਲ ਪੁਰਾਣੀ ਰੰਜਿਸ਼ ਸੀ ਅਤੇ ਜੋ ਲਗਾਤਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ, ਅੱਜ ਬਰੀ ਹੋ ਗਏ ਹਨ। ਇਹ ਫੈਸਲਾ ਨਿਰਾਸ਼ਾਜਨਕ ਹੈ। ਅਸੀਂ ਪੂਰੇ ਫੈਸਲੇ ਦੀ ਕਾਪੀ ਪੜ੍ਹਨ ਤੋਂ ਬਾਅਦ ਹਾਈਕੋਰਟ ਜਾਣ ਸਮੇਤ ਅਗਲੀ ਕਾਨੂੰਨੀ ਰਣਨੀਤੀ ਤੈਅ ਕਰਾਂਗੇ।” ਦੱਸਣਯੋਗ ਹੈ ਕਿ ਮੌਜੂਦਾ ਸਮੇਂ ਸਵਰਗੀ ਕਾਂਗਰਸੀ ਆਗੂ ਗੁਰਦੀਪ ਦੀ ਮਾਤਾ ਗੁਰਮੀਤ ਕੌਰ ਇਸੇ ਇਲਾਕੇ ਤੋਂ ਮੌਜੂਦਾ ਕੌਂਸਲਰ ਹਨ।
ਦੂਜੇ ਪਾਸੇ, ਜੱਗੂ ਭਗਵਾਨਪੁਰਿਆ ਦੇ ਕਾਨੂੰਨੀ ਸਲਾਹਕਾਰ ਅਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਸਰਕਾਰੀ ਪੱਖ ਭਗਵਾਨਪੁਰਿਆ ਅਤੇ ਬਾਕੀ ਚਾਰਾਂ ਖ਼ਿਲਾਫ਼ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਕਾਰਨ ਅਦਾਲਤ ਨੇ ਸਬੂਤਾਂ ਦੀ ਘਾਟ ਕਰਕੇ ਉਨ੍ਹਾਂ ਨੂੰ ਬਰੀ ਕੀਤਾ ਹੈ।
ਗੁਰਦੀਪ ਪਹਿਲਵਾਨ ਦੀ 2 ਜੂਨ 2018 ਨੂੰ ਰੇਲਵੇ ਰੋਡ ਸਥਿਤ ਗੋਲ ਬਾਗ ਅਖਾੜੇ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿੱਥੇ ਉਹ ਰੋਜ਼ਾਨਾ ਅਭਿਆਸ ਲਈ ਜਾਂਦੇ ਸਨ। ਚਸ਼ਮਦੀਦਾਂ ਮੁਤਾਬਕ ਤਿੰਨ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ‘ਤੇ ਤਾਬੜਤੋੜ ਫਾਇਰਿੰਗ ਕੀਤੀ ਸੀ, ਜਦਕਿ ਉਨ੍ਹਾਂ ਦੇ ਕਈ ਸਾਥੀ ਬਾਹਰ ਪਹਿਰਾ ਦੇ ਰਹੇ ਸਨ। ਕਤਲ ਦੇ ਕੁਝ ਦਿਨਾਂ ਬਾਅਦ, ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋਈ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਕਤਲ ਨਵੰਬਰ 2014 ਵਿਚ ਮਾਰੇ ਗਏ ਗੈਂਗਸਟਰ ਸੰਗਮ ਮਲਹੋਤਰਾ (ਜੋ ਜੱਗੂ ਭਗਵਾਨਪੁਰਿਆ ਦਾ ਨਜ਼ਦੀਕੀ ਸਾਥੀ ਸੀ) ਦੀ ਮੌਤ ਦਾ ਬਦਲਾ ਹੈ। ਉਸ ਪੋਸਟ ਵਿਚ ਦੋਸ਼ ਲਾਇਆ ਗਿਆ ਸੀ ਕਿ ਸੰਗਮ ਦੇ ਕਤਲ ਪਿੱਛੇ ਗੁਰਦੀਪ ਪਹਿਲਵਾਨ ਦਾ ਹੱਥ ਸੀ। ਗੁਰਦੀਪ ਪਹਿਲਵਾਨ ਨੂੰ ਸਾਲ 2015 ਵਿਚ ਭਗਵਾਨਪੁਰਿਆ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ।