#PUNJAB

ਬਿਕਰਮ ਮਜੀਠੀਆ ਵੱਲੋਂ ਈਓ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ

ਕਿਹਾ : ‘ਨਿਆਂ ਨਾ ਮਿਲਿਆ ਤਾਂ ਹਾਈਕੋਰਟ ਜਾਵਾਂਗੇ’:
ਅਕਾਲੀ ਉਮੀਦਵਾਰਾਂ ਨੂੰ ਐੱਨ.ਓ.ਸੀ. ਨਾ ਦੇਣ ਦੇ ਦੋਸ਼,
ਚੰਡੀਗੜ੍ਹ, 16 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਸ਼ਿਕਾਇਤ ਦੇ ਕੇ ਨਗਰ ਕਮੇਟੀ ਮਜੀਠਾ ਦੇ ਕਾਰਜਸਾਧਕ ਅਫ਼ਸਰ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਵੱਲੋਂ ਅਕਾਲੀ ਉਮੀਦਵਾਰਾਂ ਨੂੰ ਐੱਨ.ਓ.ਸੀ. ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਮਜੀਠੀਆ ਨੇ ਚੋਣ ਕਮਿਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਨਿਆਂ ਨਾ ਮਿਲਣ ਦੀ ਸੂਰਤ ‘ਚ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਦੱਸਣਯੋਗ ਹੈ ਕਿ ਅੱਜ ਨਿਗਮ ਤੇ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖ਼ਰੀ ਦਿਨ ਸੀ। ਮਜੀਠੀਆ ਨੇ ਕਿਹਾ ਕਿ ਅਕਾਲੀ ਉਮੀਦਵਾਰਾਂ ਨੇ ਸਾਰੇ ਬਕਾਏ ਵੀ ਤਾਰੇ ਹਨ ਅਤੇ ਨਾਮਜ਼ਦਗੀ ਪੱਤਰਾਂ ਨਾਲ ਹਲਫ਼ਨਾਮੇ ਵੀ ਦਾਖਲ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਸਿੱਧੇ ਤੌਰ ‘ਤੇ ਚੋਣ ਪ੍ਰਕਿਰਿਆ ‘ਚ ਦਾਖਲ ਦੇ ਰਿਹਾ ਹੈ ਅਤੇ ਮਜੀਠਾ ਦੇ ਕਾਰਜਕਾਰੀ ਅਧਿਕਾਰੀ ‘ਤੇ ਅਕਾਲੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਮਜੀਠੀਆ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਇਸ ਮਾਮਲੇ ਦਾ ਨੋਟਿਸ ਲਵੇ। ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਗਿਆ ਕਿ ਨਗਰ ਕਮੇਟੀ ਮਜੀਠਾ ਦੇ ਕਾਰਜਕਾਰੀ ਅਧਿਕਾਰੀ ਰਮਨਦੀਪ ਵੜੈਚ ‘ਤੇ ਜੂਨ 2025 ਵਿਚ ਲੁਧਿਆਣਾ ਕੇਂਦਰੀ ਦੀ ਉਪ ਚੋਣ ਦੌਰਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੜੈਚ ਨੂੰ ਮਜੀਠਾ ਵਿਚ ਕਾਰਜਕਾਰੀ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਮੌਕੇ ‘ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੀ ਮਜੀਠੀਆ ਦੇ ਨਾਲ ਸਨ।
ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਉਦਯੋਗ, ਬਿਜਲੀ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਨਾਲ ਜੁੜੇ ਸਾਰੇ ਸਟਾਫ਼ ਨੂੰ 16 ਅਪ੍ਰੈਲ ਨੂੰ ਸਵੇਰੇ 5 ਵਜੇ ਦਫ਼ਤਰ ਬੁਲਾਏ ਜਾਣ ‘ਤੇ ਵੀ ਉਂਗਲ ਉਠਾਈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਮਕਸਦ ਕੁੱਝ ਫਾਈਲਾਂ ਨੂੰ ਨਸ਼ਟ ਕਰਨਾ ਸੀ ਕਿਉਂਕਿ ਉਸ ਮਗਰੋਂ ਹੀ ਕੇਂਦਰੀ ਏਜੰਸੀ ‘ਤੇ ਛਾਪਾ ਮਾਰਿਆ ਸੀ। ਉਨ੍ਹਾਂ ਮੰਗ ਕੀਤੀ ਕਿ ਸਟਾਫ਼ ਤੋਂ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਇਸ ਮਾਮਲੇ ਨੂੰ ਛੁਪਾਉਣ ਦੀ ਕਵਾਇਦ ਦੀ ਪੁਣਛਾਣ ਹੋ ਸਕੇ।