– ਕਿਹਾ: ਮੈਂ ਚਾਹੁੰਦਾ ਹਾਂ ਕਿ ਕਾਨੂੰਨ ਵਿਵਸਥਾ ਬਣੀ ਰਹੇ
– ਸਟੋਰ ਮਾਲਕਾਂ ਦੇ ਹੱਕ ‘ਚ ਆਏ ਇਸ ਬਿਆਨ ਨਾਲ ਸਟੋਰ ਮਾਲਕਾਂ ਮਿਲੀ ਰਾਹਤ
ਵਾਸ਼ਿੰਗਟਨ, 4 ਅਕਤੂਬਰ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਆਪਣੇ ਬਿਆਨ ਚ ਕਿਹਾ, ਜੇਕਰ ਉਹ 2024 ਚ ‘ਰਾਸ਼ਟਰਪਤੀ ਚੋਣਾਂ ਜਿੱਤਦੇ ਹਨ ਤਾਂ ਉਹ ਇੱਥੇ ਸਟੋਰਾਂ ਵਿੱਚ ਹੋ ਰਹੀਆਂ ਲੁੱਟ ਖਸੁੱਟ ਦੀਆਂ ਵਾਰਦਾਤਾਂ ਨੂੰ ਨੱਥ ਪਾਉਣਗੇ। ਉਨਾਂ ਨੇ ਇਹ ਗੱਲ ਕੈਲੀਫੋਰਨੀਆ ‘ਚ ਰਿਪਬਲਿਕਨ ਦੇ ਇੱਕ ਇਕੱਠ ਵਿਚ ਭਾਸ਼ਣ ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਰਾਸ਼ਟਰਪਤੀ ਚੁਣਿਆ ਜਾਂਦਾ ਹਾਂ, ਤਾਂ ਸਟੋਰਾਂ ਵਿਚ ਲੁੱਟ ਦੀ ਨੀਤ ਨਾਲ ਆਏ ਲੋਕਾਂ ਨੂੰ ਗੋਲੀ ਮਾਰਨ ਦਾ ਹੁਕਮ ਦੇਵਾਂਗਾ।
ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਇੱਥੇ ਕਾਨੂੰਨ ਦੀ ਵਿਵਸਥਾ ਬਣੀ ਰਹੇ। ਉਨਾਂ ਦੇ ਇਸ ਭਾਸ਼ਣ ‘ਤੇ ਰਿਪਬਲੀਕਨ ਪਾਰਟੀ ਵੱਲੋਂ ਆਏ ਹੋਏ ਮੈਂਬਰਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਇੱਥੇ ਇਹ ਗੱਲ ਦੱਸਣੀ ਬਣਦੀ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਇਹ ਟਿੱਪਣੀ ਉਦੋਂ ਆਈ, ਜਦੋਂ ਉਹ ਖੁਦ 7 ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਨੇ। ਉਨ੍ਹਾਂ ਨੇ ਇਸ ਮੌਕੇ ‘ਤੇ ਇਹ ਵੀ ਕਿਹਾ ਕਿ ਮੈਨੂੰ ਰਾਜਨੀਤਿਕ ਤੌਰ ‘ਤੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਕੈਲੀਫੋਰਨੀਆ ਵਿਚ S2-553 ਬਿੱਲ ਪੇਸ਼ ਕੀਤਾ ਗਿਆ, ਜੋ ਕਿ ਅਸੈਂਬਲੀ ਅਤੇ ਸੈਨੇਟ ਵੱਲੋਂ ਪਾਸ ਕਰ ਦਿੱਤਾ ਗਿਆ ਹੈ, ਜਿਸ ਉੱਪਰ ਗਵਰਨਰ ਦੇ ਦਸਤਖਤ ਹੋਣੇ ਬਾਕੀ ਹਨ। ਜੇ ਇਹ ਕਾਨੂੰਨ ਬਣ ਜਾਂਦਾ ਹੈ, ਤਾਂ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲਿਆਂ ਨੂੰ ਰਾਹਤ ਮਿਲੇਗੀ ਅਤੇ ਉਹ ਸ਼ਰੇਆਮ ਕਿਸੇ ਵੀ ਸਟੋਰ ਨੂੰ ਲੁੱਟ ਸਕਦੇ ਹਨ ਅਤੇ ਸਟੋਰ ਦਾ ਮਾਲਕ ਜਾਂ ਕਰਿੰਦਾ ਉਨ੍ਹਾਂ ਨੂੰ ਕੁਝ ਵੀ ਨਹੀਂ ਕਹਿ ਸਕਦਾ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਲਕਾਂ ਦੇ ਹੱਕ ਵਿਚ ਆਏ ਇਸ ਬਿਆਨ ਦੇ ਨਾਲ ਸਟੋਰ ਮਾਲਕਾਂ ਨੂੰ ਰਾਹਤ ਮਿਲੀ ਹੈ।