ਸਿੱਖਾਂ ਨੇ ਮਨੁੱਖੀ ਲੜੀ ਬਣਾਈ
ਸਿੱਖਾਂ ਨੂੰ ਮੋਹਰਾ ਬਣਾਉਣ ਦੀ ਕੋਸ਼ਿਸ਼ ਨਾ ਕਰਨ ਪੱਛਮੀ ਦੇਸ਼: ਜੀਕੇ
ਨਵੀਂ ਦਿੱਲੀ, 3 ਅਕਤੂਬਰ (ਪੰਜਾਬ ਮੇਲ)- ਜਥੇਦਾਰ ਸੰਤੋਖ ਸਿੰਘ ਦੀ ਵਿਰਾਸਤ ਅਤੇ ਸਿੱਖ ਪੰਥ ਦੀ ਤਰੱਕੀ ਨੂੰ ਸਮਰਪਿਤ ਨਿਰੋਲ ਧਾਰਮਿਕ ਪਾਰਟੀ “ਜਾਗੋ” ਕਾ ਪੰਜਵਾਂ ਸਥਾਪਨਾ ਦਿਹਾੜਾ ਅੱਜ ਦਲ ਦੇ ਅਹੁਦੇਦਾਰਾਂ, ਸਮਰਥਕਾਂ ਅਤੇ ਸ਼ੁਭਚਿੰਤਕਾਂ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਗ੍ਰੇਟਰ ਕੈਲਾਸ਼-1 ਪਹਾੜੀ ਵਾਲੇ ਵਿਖੇ ਗੁਰਬਾਣੀ ਕੀਰਤਨ ਸ੍ਰਵਨ ਕਰਕੇ ਮਨਾਇਆ ਗਿਆ। ਇਸਤਰੀ ਸਤਿਸੰਗ ਜਥਾ ਤੇ ਭਾਈ ਬਲਬੀਰ ਸਿੰਘ ਨਾਗਪੁਰ ਵਾਲੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਅਰਦਾਸ ਤੋਂ ਬਾਅਦ ਜਾਗੋ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਮੌਜੂਦ ਸੰਗਤਾਂ ਦੇ ਸਾਹਮਣੇ ਮਨਜੀਤ ਸਿੰਘ ਜੀਕੇ ਨੂੰ ਅਗਲੇ ਇੱਕ ਸਾਲ ਲਈ ਮੁੜ ਪ੍ਰਧਾਨ ਬਣਾਉਣ ਦਾ ਮੱਤਾ ਰਖਿਆ। ਇਸ ਮੱਤੇ ਨੂੰ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਮਨਜ਼ੂਰੀ ਦਿੱਤੀ ਗਈ। ਦੁਬਾਰਾ ਪ੍ਰਧਾਨ ਬਣਨ ‘ਤੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਜੀਕੇ ਨੇ ਮੌਜੂਦਾ ਪੰਥਕ ਹਾਲਾਤਾਂ ਅਤੇ ਭਾਰਤ-ਕੈਨੇਡਾ ਵਿਵਾਦ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਇਸ ਮੌਕੇ ‘ਤੇ “ਸ੍ਰੀ ਗੁਰੂ ਸਿੰਘ ਸਭਾ ਲਹਿਰ” ਦੇ 150 ਸਾਲ ਪੂਰੇ ਹੋਣ ਨੂੰ ਸਮਰਪਿਤ ਮੌਜੂਦ ਲੋਕਾਂ ਵੱਲੋਂ ਮਨੁੱਖੀ ਲੜੀ ਬਣਾਈ ਗਈ। ਇਸ ਮਨੁੱਖੀ ਲੜੀ ਦਾ ਮੁੱਖ ਉਦੇਸ਼ ਭਾਰਤ ਦੇ ਸੰਵਿਧਾਨ ਵਿੱਚ ਆਸਥਾ ਰੱਖਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਤੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਸਿਖਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਮੀਡੀਆ ਨੂੰ ਚੇਤਾ ਕਰਵਾਉਣਾ ਸੀ। ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਸ਼ਾਂਤਮਈ ਅਤੇ ਜ਼ਿੰਮੇਵਾਰ ਨਾਗਰਿਕਾਂ ਦੇ ਰੂਪ ਵਿੱਚ ਰਹਿ ਰਹੇ ਸਿੱਖਾਂ ਦੇ ਵਿਰੁੱਧ ਮੀਡੀਆ ਦੇ ਇੱਕ ਹਿੱਸੇ ਵੱਲੋਂ ਗੈਰ ਜ਼ਿੰਮੇਵਾਰ ਏਜੇਂਡਾ ਚਲਾ ਕੇ ਨਫ਼ਰਤ ਫੈਲਾਉਂਦੇ ਹੋਏ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਆਯੋਜਨ ਸ੍ਰੀ ਗੁਰੂ ਸਿੰਘ ਸਭਾ, ਗ੍ਰੇਟਰ ਕੈਲਾਸ਼ 1, ਪਹਾੜੀ ਵਾਲਾ ਵੱਲੋਂ ਦਿੱਲੀ ਦੀਆਂ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ।
ਜੀਕੇ ਨੇ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਦੀ ਵਿਚਾਰਧਾਰਾ ‘ਤੇ ਚਲਦੇ ਹੋਏ ਹਮੇਸ਼ਾ ਪੰਥ ਦੀ ਆਵਾਜ਼ ਉਠਾਉਣ ਵਿਚ ਜਾਗੋ ਪਾਰਟੀ ਕਦੇ ਪਿੱਛੇ ਨਹੀਂ ਹਟੀ। ਬਿਨਾਂ ਕਿਸੇ ਲਾਲਚ ਦੇ ਹਰ ਮਸਲੇ ਉਤੇ ਪੰਥ ਹਿਤ ਕੀ ਗੱਲ ਕਰਨ ਦੀ ਪ੍ਰੇਰਣਾ ਸਾਨੂੰ ਜਥੇਦਾਰ ਸੰਤੋਖ ਸਿੰਘ ਤੋਂ ਵਿਰਾਸਤ ਵਿੱਚ ਮਿਲੀ ਹੈ। ਕੌਮ ਦੀ ਆਵਾਜ਼ ਬਣ ਕੇ ਉਹ ਹਮੇਸ਼ਾ ਕੌਮ ਕੇ ਮਸਲਿਆਂ ਨੂੰ ਹੱਲ ਕਰਵਾਉਂਦੇ ਰਹੇ ਸਨ। ਇਸ ਲਈ ਅਸੀਂ ਗੁਰਦੁਆਰਾ ਗ੍ਰੇਟਰ ਕੈਲਾਸ਼ ਵੱਲੋਂ ਬਣਾਈ ਜਾ ਰਹੀ ਇਸ ਮਨੁੱਖੀ ਲੜੀ ਦਾ ਸਮਰਥਨ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਸਿਖਾਂ ਦੀ ‘ਦਸਤਾਰ’ ਨੂੰ ਅੱਤਵਾਦੀ ਤੇ ਵੱਖਵਾਦੀ ਵਜੋਂ ਇਸ ਸਮੇਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਜੇਕਰ ਦੇਸ਼ ਦਾ ਤਿਰੰਗਾ ਝੂਲ ਰਿਹਾ ਹੈ, ਤਾਂ ਇਹ ਦਸਤਾਰ ਦੀ ਕੁਰਬਾਨੀਆਂ ਦੇ ਕਾਰਨ ਝੂਲ ਰਿਹਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਅਜ਼ਾਦੀ ਵਿੱਚ ਪੰਜਾਬ ਅਤੇ ਪੰਜਾਬੀਆਂ ਨੇ ਜੋਂ ਆਪਣਾ ਖੂਨ ਦਿੱਤਾ ਸੀ, ਉਹ ਅੱਜ ਦੇ ਭਾਰਤ ਲਈ ਸੁਖਾਵੀਂ ਹਵਾਵਾਂ ਲੈਕੇ ਆਈਆ ਹੈ। ਬੇਸ਼ੱਕ ਇਸ ਮੁਲਕ ਤੋਂ ਸਾਨੂੰ ਕੱਢਣ ਲਈ ਬਹੁਤ ਵੱਡੀਆਂ ਸਾਜ਼ਿਸ਼ਾਂ ਹੋਇਆ ਸਨ, ਪਰ ਇਹ ਮੁਲਕ ਸਾਡਾ ਹੈ। ਅਫਸੋਸ, ਅੱਜ ਸਿੱਖਾਂ ਨੂੰ ਮੋਹਰਾ ਬਣਾ ਕੇ ਕੈਨੇਡਾ ਤੋਂ ਲੜਾਈ ਲੜੀ ਜਾ ਰਹੀ ਹੈ। ਅੱਜ ਗੁਰੂ ਨਾਨਕ ਦੇ ਘਰ ਤੋਂ ਮਨੁੱਖਤਾ ਦੀ ਸੇਵਾ ਕਰਨ ਵਾਲੇ ਸਿੱਖਾਂ ਨੂੰ ਮੀਡੀਆ ਦਾ ਇੱਕ ਵਰਗ ਬਿਨਾ ਤਥਾਂ ਦੇ ਵੱਖਵਾਦੀ ਅਤੇ ਅੱਤਵਾਦੀ ਦੱਸ ਰਿਹਾ ਹੈ। ਪੱਛਮੀ ਦੇਸ਼ ਭਾਰਤ ਨੂੰ ਰੂਸ ਅਤੇ ਚੀਨ ਤੋਂ ਵਪਾਰ ਕਰਨ ਤੋਂ ਰੋਕਣ ਲਈ ਅਤੇ ਭਾਰਤ ਨੂੰ ਨੀਵਾਂ ਵਿਖਾਉਣ ਦੇ ਮਕਸਦ ਤੋਂ ਸਿਖਾਂ ਨੂੰ ਮੋਹਰਾ ਬਣਾਉਣ ਦੇ ਏਜੇਂਡੇ ‘ਤੇ ਕੰਮ ਕਰ ਰਹੇ ਹਨ। ਪਰ ਇਹ ਭੁੱਲ ਜਾਂਦੇ ਹਨ ਕਿ ਬਹੁਤ ਵੱਡੀਆਂ ਸ਼ਕਤੀਆਂ ਸਿਖਾਂ ਨੂੰ ਮੋਹਰਾ ਬਣਾਉਣ ਦੀ ਕੋਸ਼ਿਸ਼ ਵਿਚ ਖੁਦ ਖਤਮ ਹੋ ਗਈਆਂ ਹਨ। ਸਾਨੂੰ ਸਰਕਾਰਾਂ ਨਾਲ ਲੱਖ ਦਿੱਕਤ ਹੋ ਸਕਦੀ ਹੈ, ਪਰ ਜਦੋਂ ਗੱਲ ਦੇਸ਼ ਦੀ ਆਵੇਗੀ, ਤਾਂ ਪਹਿਲੇ ਅਸੀਂ ਦੇਸ਼ ਦਾ ਸਾਥ ਦੇਵਾਂਗੇ। ਕਿਉਂਕਿ ਆਪਣੇ ਮੁਲਕ ਦਾ ਨੁਕਸਾਨ ਕਰਨ ਲਈ ਸਿੱਖ ਕਦੇ ਤਿਆਰ ਨਹੀਂ ਹੋਣਗੇ। ਇਸ ਮੌਕੇ ਦਿੱਲੀ ਦੀ ਸਿੰਘ ਸਭਾ ਗੁਰਦਵਾਰਿਆਂ ਦੇ ਅਹੁਦੇਦਾਰ, ਪਤਵੰਤੇ ਸੱਜਣਾਂ ਸਣੇ ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖੀਵਾ, ਮਹਿੰਦਰ ਸਿੰਘ, ਸਾਬਕਾ ਦਿੱਲੀ ਕਮੇਟੀ ਮੈਂਬਰ ਸਤਪਾਲ ਸਿੰਘ, ਹਰਜਿੰਦਰ ਸਿੰਘ, ਮੰਗਲ ਸਿੰਘ, ਹਰਜੀਤ ਸਿੰਘ ਜੀਕੇ ਸਮੇਤ ਜਾਗੋ ਦੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਹਨ।