ਵੈਨਕੂਵਰ, 11 ਮਈ (ਪੰਜਾਬ ਮੇਲ)- ਸਰੀ ਦੇ ਇਕ ਗੁਰਦੁਆਰਾ ਸਾਹਿਬ ਦੇ ਇਕ ਕਰਮਚਾਰੀ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰ.ਸੀ.ਐੱਮ. ਪੀ. ਨੂੰ ਇਕ ਰਿਪੋਰਟ ਮਿਲੀ ਸੀ ਕਿ 68ਵੇਂ ਐਵੇਨਿਊ ‘ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਜਾਂ ਉਸ ਦੇ ਖੇਤਰ ਵਿਚ ਇਕ ਨਾਬਾਲਗਾ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਪੁਲਿਸ ਦੀ ਇਕ ਰਿਲੀਜ਼ ਅਨੁਸਾਰ ਇਸਦੀ ਵਿਸ਼ੇਸ਼ ਪੀੜਤ ਯੂਨਿਟ ਨੇ ਜਾਂਚ ਕੀਤੀ ਤੇ ਸ਼ੱਕੀ ਦੀ ਪਛਾਣ ਕੀਤੀ ਅਤੇ 5 ਮਈ, 2023 ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ।
ਸ਼ੱਕੀ, ਜਿਸ ਨੂੰ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਹੈ, ਸਰੀ ਗੁਰਦੁਆਰਾ ਸਾਹਿਬ ਦਾ ਕਰਮਚਾਰੀ ਹੈ ਅਤੇ ਉਸ ਦੇ ਮਾਲਕ ਨੂੰ ਕਰਮਚਾਰੀ ‘ਤੇ ਲੱਗੇ ਦੋਸ਼ਾਂ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਆਰ.ਸੀ.ਐੱਮ.ਪੀ. ਦਾ ਕਹਿਣਾ ਹੈ ਕਿ ਸ਼ੱਕੀ ਇਕ 58 ਸਾਲਾ ਪੁਰਸ਼ ਹੈ। ਫਿਲਹਾਲ ਜਾਂਚ ਜਾਰੀ ਹੈ ਅਤੇ ਅਜੇ ਤੱਕ ਦੋਸ਼ ਨਹੀਂ ਲਗਾਏ ਗਏ ਹਨ। ਵਰਤਮਾਨ ਵਿਚ ਆਰ.ਸੀ.ਐੱਮ.ਪੀ. ਹੋਰ ਸਬੂਤ ਅਤੇ ਜਾਣਕਾਰੀ ਇਕੱਠੀ ਕਰ ਰਹੀ ਹੈ ਅਤੇ ਉਮੀਦ ਕਰ ਰਹੀ ਹੈ ਕਿ 4 ਮਈ ਨੂੰ ਸਵੇਰੇ 6 ਵਜੇ ਤੋਂ 8 ਵਜੇ ਦੇ ਵਿਚਕਾਰ ਗੁਰਦੁਆਰਾ ਦੁੱਖ ਨਿਵਾਰਨ ਵਿਖੇ ਵਾਪਰੀ ਉਕਤ ਘਟਨਾ ਤੋਂ ਜਾਣੂ ਕੋਈ ਵੀ ਵਿਅਕਤੀ ਪੁਲਿਸ ਨਾਲ ਹਵਾਲਾ ਫਾਈਲ ਨੰਬਰ 2023-69537 ਨਾਲ ਸੰਪਰਕ ਕਰੇ।
ਕਾਰਪੋਰਲ ਸਰਬਜੀਤ ਕੇ. ਸੰਘਾ ਨੇ ਕਿਹਾ, ”ਸਾਡੀ ਸਪੈਸ਼ਲ ਵਿਕਟਿਮਜ਼ ਯੂਨਿਟ ਸਰੀ ਵੂਮੈਨ ਸੈਂਟਰ ਤੋਂ ਪੀੜਤਾ ਦੀ ਸਹਾਇਤਾ ਨਾਲ ਇਸ ਜਾਂਚ ਦੀ ਅਗਵਾਈ ਕਰ ਰਹੀ ਹੈ। ਡੇਲੀ ਹਾਈਵ ਨੇ ਦੋਸ਼ਾਂ ਦੇ ਜਵਾਬ ਵਿਚ ਬਿਆਨ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਾਲ ਸੰਪਰਕ ਕੀਤਾ ਹੈ। ਇਹ ਮਾਮਲਾ ਸਾਹਮਣੇ ਆਉਣ ‘ਤੇ ਸਿੱਖ ਸੰਗਤ ਵਿਚ ਭਾਰੀ ਰੋਸ ਹੈ। ਸੰਗਤ ਇਸ ਮਾਮਲੇ ਦਾ ਜਲਦੀ ਨਿਪਟਾਰਾ ਚਾਹੁੰਦੀ ਹੈ।