#EUROPE

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ ਬੀ.ਬੀ.ਸੀ. ਦਾ ਸਾਬਕਾ ਐਂਕਰ ਅਤੇ ਕਾਮੇਡੀਅਨ ਰਿਹਾਅ

ਲੰਡਨ, 11 ਅਗਸਤ (ਪੰਜਾਬ ਮੇਲ)- ਇਥੋਂ ਦੀ ਪੁਲਿਸ ਨੇ ਬ੍ਰਿਟਿਸ਼ ਸਿੱਖ ਖਾਨਸਾਮੇ, ਬੀ.ਬੀ.ਸੀ. ਦੇ ਸਾਬਕਾ ਸਿੱਖ ਸਕਾਟਿਸ਼ ਐਂਕਰ ਅਤੇ ਕਾਮੇਡੀਅਨ ਹਰਦੀਪ ਸਿੰਘ ਕੋਹਲੀ ਨੂੰ ਸਕਾਟਲੈਂਡ ਵਿਚ ਗ੍ਰਿਫ਼ਤਾਰ ਕੀਤਾ ਤੇ ਉਸ ਤੋਂ ਅਦਾਲਤ ਵਿਚ ਪੇਸ਼ ਹੋਣ ਦਾ ਹਲਫਨਾਮਾ ਲੈ ਕੇ ਰਿਹਾਅ ਕਰ ਦਿੱਤਾ। ਉਸ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ।
ਟਾਈਮਜ਼ ਅਖਬਾਰ ਦੀ ਜਾਂਚ ਅਨੁਸਾਰ 54 ਸਾਲਾ ਐਂਕਰ ‘ਤੇ 20 ਤੋਂ ਵੱਧ ਔਰਤਾਂ ਨਾਲ ਗਲਤ ਵਿਹਾਰ ਕਰਨ ਤੇ ਜਿਨਸੀ ਸੋਸ਼ਣ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਕਿਹਾ, ਇਸ ਸਬੰਧੀ ਰਿਪੋਰਟ ਪ੍ਰੋਕਿਊਰੇਟਰ ਵਿੱਤ ਨੂੰ ਸੌਂਪ ਦਿੱਤੀ ਗਈ ਹੈ।’ ਸਕਾਟਲੈਂਡ ਪੁਲਿਸ ਨੇ ਕੋਹਲੀ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪਿਛਲੇ ਮਹੀਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ। ਟਾਈਮਜ਼ ਨੇ ਜੁਲਾਈ ਵਿਚ ਖਬਰ ਨਸ਼ਰ ਕੀਤੀ ਸੀ ਕਿ ਕੋਹਲੀ ਨੇ ਲੇਬਰ ਪਾਰਟੀ ਦੀ ਇੱਕ ਸਾਬਕਾ ਅਧਿਕਾਰੀ ਨਾਲ ਸੋਸ਼ਲ ਮੀਡੀਆ ‘ਤੇ ਸੰਪਰਕ ਤੋਂ ਬਾਅਦ ਜਿਨਸੀ ਟਿੱਪਣੀਆਂ ਕੀਤੀਆਂ। ਇਸ ਅਧਿਕਾਰੀ ਨੇ ਦੱਸਿਆ ਕਿ ਕੋਹਲੀ ਨੇ ਉਸ ਨੂੰ ਫੋਨ ਕੀਤਾ ਤੇ ਨਾਲ ਹੀ ਉਹ ਅਸ਼ਲੀਲ ਗੱਲਾਂ ਕਰਨ ਲੱਗ ਪਿਆ, ਜਦਕਿ ਸਾਬਕਾ ਅਧਿਕਾਰੀ ਨੇ ਕੋਹਲੀ ਨੂੰ ਇਹ ਵੀ ਕਿਹਾ ਕਿ ਉਹ ਅਸਹਿਜ ਮਹਿਸੂਸ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਕੋਹਲੀ ਨੇ ਪਿਛਲੇ ਮਹੀਨੇ ਸ਼ੋਸ਼ਲ ਮੀਡੀਆ ਤੋਂ ਆਪਣਾ ਪ੍ਰੋਫਾਈਲ ਹਟਾ ਦਿੱਤਾ ਸੀ। ਹਰਦੀਪ ਕੋਹਲੀ ਦਾ ਜਨਮ ਲੰਡਨ ਵਿਚ ਹੋਇਆ ਸੀ ਤੇ ਉਸ ਦੇ ਮਾਪੇ ਪੰਜਾਬ ਤੋਂ ਪਰਵਾਸ ਕਰ ਕੇ ਇਥੇ ਵਸੇ ਸਨ। ਕੋਹਲੀ ਨੇ ਬੀ.ਬੀ.ਸੀ. ਅਤੇ ਹੋਰਾਂ ਲਈ ਕਈ ਪ੍ਰੋਗਰਾਮ ਪੇਸ਼ ਕੀਤੇ। ਉਹ 2006 ਵਿਚ ਮਾਸਟਰਸ਼ੈਫ ਸੈਲੀਬ੍ਰਿਟੀ ਐਡੀਸ਼ਨ ਵਿਚ ਉਪ ਜੇਤੂ ਰਿਹਾ। ਹਰਦੀਪ ਜਦੋਂ ਬੀ.ਬੀ.ਸੀ ਵਿਚ ਰਿਪੋਰਟਰ ਸੀ, ਤਾਂ ਵੀ ਉਸ ‘ਤੇ ਅਜਿਹੇ ਦੋਸ਼ ਲੱਗੇ ਸਨ, ਉਸ ਵੇਲੇ ਬੀ.ਬੀ.ਸੀ. ਨੇ ਕੋਹਲੀ ਨੂੰ ਛੇ ਮਹੀਨਿਆਂ ਲਈ ਕੰਮ ਕਰਨ ਤੋਂ ਰੋਕਿਆ ਸੀ ਤੇ ਇਸ ਤੋਂ ਬਾਅਦ ਸਾਲ 2020 ਵਿਚ ਉਸ ਨੂੰ ਕੱਢ ਦਿੱਤਾ।

Leave a comment