ਚੰਡੀਗੜ੍ਹ, 16 ਸਤੰਬਰ (ਪੰਜਾਬ ਮੇਲ)- ਹਰਿਆਣਾ ਸਰਕਾਰ ‘ਚ ਮੰਤਰੀ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਮਹਿਲਾ ਕੋਚ ਨਾਲ ਕਥਿਤ ਜਿਨਸੀ ਛੇੜਛਾੜ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਵੱਲੋਂ ਦਰਜ ਕੇਸ ਵਿਚ ਅੱਜ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਰਾਹੁਲ ਗਰਗ ਦੀ ਕੋਰਟ ਵਿਚ ਪੇਸ਼ ਹੋਇਆ। ਕੋਰਟ ਨੇ ਚੰਡੀਗੜ੍ਹ ਪੁਲਿਸ ਵੱਲੋਂ ਪਿਛਲੇ ਮਹੀਨੇ ਦਾਖਲ ਦੋਸ਼ਪੱਤਰ ਮਗਰੋਂ ਸੰਦੀਪ ਸਿੰਘ ਨੂੰ ਨੋਟਿਸ ਭੇਜਿਆ ਸੀ। ਸੈਸ਼ਨ ਕੋਰਟ ਵੱਲੋਂ ਬੀਤੇ ਦਿਨ ਦਿੱਤੀ ਪੇਸ਼ਗੀ ਜ਼ਮਾਨਤ ਮਗਰੋਂ ਸੰਦੀਪ ਸਿੰਘ ਅੱਜ ਆਪਣੇ ਵਕੀਲਾਂ ਰਬਿੰਦਰ ਪੰਡਿਤ ਤੇ ਸਿਧਾਰਥ ਪੰਡਿਤ ਨਾਲ ਕੋਰਟ ਵਿਚ ਪੇਸ਼ ਹੋਇਆ। ਕੋਰਟ ਨੇ ਸਿੰਘ ਨੂੰ ਦਸ ਦਿਨਾਂ ਅੰਦਰ ਟਰਾਇਲ ਕੋਰਟ ਸਾਹਮਣੇ ਆਤਮ-ਸਮਰਪਣ ਕਰਨ ਦੀ ਹਦਾਇਤ ਕੀਤੀ ਹੈ। ਸਿੰਘ ਨੇ ਇਕ ਲੱਖ ਰੁਪਏ ਦਾ ਨਿੱਜੀ ਮੁਚੱਲਕਾ ਭਰਿਆ ਸੀ। ਚੰਡੀਗੜ੍ਹ ਪੁਲਿਸ ਨੇ ਜੂਨੀਅਰ ਮਹਿਲਾ ਕੋਚ ਦੀ ਸ਼ਿਕਾਇਤ ‘ਤੇ 31 ਦਸੰਬਰ 2022 ਨੂੰ ਕੇਸ ਦਰਜ ਕੀਤਾ ਸੀ।