ਵਾਸ਼ਿੰਗਟਨ, 5 ਸਤੰਬਰ (ਪੰਜਾਬ ਮੇਲ)- 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਜਾਰਜੀਆ ਮਾਮਲੇ ‘ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਅਗਲੇ ਹਫ਼ਤੇ ਹੋਣ ਵਾਲੀ ਸੁਣਵਾਈ ‘ਚ ਸ਼ਾਮਿਲ ਨਹੀਂ ਹੋਣਗੇ।
ਟਰੰਪ ਉਨ੍ਹਾਂ 19 ਲੋਕਾਂ ‘ਚ ਸ਼ਾਮਲ ਹਨ, ਜਿਨ੍ਹਾਂ ‘ਤੇ 2020 ਦੇ ਵੋਟ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਦਾ ਦੋਸ਼ ਲੱਗਾ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਅਟਲਾਂਟਾ ਦੀ ਫੁਲਟਨ ਕਾਊਂਟੀ ਜੇਲ੍ਹ ‘ਚ ਆਤਮ ਸਮਰਪਣ ਕੀਤਾ ਸੀ, ਜਿੱਥੇ ਕਿ ਉਨ੍ਹਾਂ ਦਾ ਮਗਸ਼ਾਟ ਲਿਆ ਗਿਆ ਸੀ। ਟਰੰਪ ਨੇ ਇਸ ਕੇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਵਾਰ-ਵਾਰ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ।
ਕੁੱਲ ਮਿਲਾ ਕੇ, ਟਰੰਪ ਨੂੰ ਜਾਰਜੀਆ ਦੇ ਅਧਿਕਾਰੀਆਂ ‘ਤੇ ਉਸ ਸੂਬੇ ‘ਚ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ ਕਥਿਤ ਤੌਰ ‘ਤੇ ਦਬਾਅ ਪਾਉਣ ਲਈ ਧੋਖਾਖੜੀ ਸਣੇ, 13 ਸੰਗੀਨ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਰਵਾਰ ਨੂੰ ਦਾਇਰ ਇੱਕ ਅਦਾਲਤੀ ਦਸਤਾਵੇਜ਼ ‘ਚ ਟਰੰਪ ਨੇ ਕਿਹਾ ਕਿ ਉਹ ਦੋਸ਼ਾਂ ਦੀ ਪ੍ਰਕਿਰਤੀ ਅਤੇ ਅਦਾਲਤ ‘ਚ ਪੇਸ਼ ਹੋਣ ਦੇ ਆਪਣੇ ਅਧਿਕਾਰ ਨੂੰ ਪੂਰੀ ਤਰ੍ਹਾਂ ਸਮਝਦੇ ਹਨ। ਜਾਰਜੀਆ ਕਾਨੂੰਨ ਅਪਰਾਧਿਕ ਬਚਾਓ ਪੱਖਾਂ ਨੂੰ ਉਨ੍ਹਾਂ ਦੀ ਵਿਅਕਤੀਗਤ ਪੇਸ਼ੀ ਨੂੰ ਛੱਡਣ ਅਤੇ ਅਦਾਲਤੀ ਫਾਈਲਿੰਗ ਦੁਆਰਾ ਇੱਕ ਰਸਮੀ ਪਟੀਸ਼ਨ ਦਾਖਲ ਕਰਨ ਦੀ ਇਜਾਜ਼ਤ ਦਿੰਦਾ ਹੈ।
ਟਰੰਪ ਨੇ 2026 ‘ਚ ਸੁਣਵਾਈ ਦੀ ਮੰਗ ਕਰਦਿਆਂ ਸਕੌਟਸਬੋਰੋ ਬੁਆਏਜ਼ ਮਾਮਲੇ ਦਾ ਹਵਾਲਾ ਦਿੱਤਾ। ਹਾਲਾਂਕਿ ਜੱਜ ਚੁਟਕਨ ਨੇ ਕਿਸੇ ਵੀ ਤੁਲਨਾ ਨੂੰ ਖ਼ਾਰਜ ਕਰ ਦਿੱਤਾ। ਟਰੰਪ ਨੇ ਰਸਮੀ ਤੌਰ ‘ਤੇ ਜੱਜ ਨੂੰ ਆਪਣੇ ਮਾਮਲੇ ਨੂੰ ਆਪਣੇ ਸਹਿ-ਮੁਲਜ਼ਮਾਂ ਤੋਂ ਵੱਖ ਕਰਨ ਲਈ ਵੀ ਕਿਹਾ, ਜਿਹੜੇ ਜਲਦ ਸੁਣਵਾਈ ਚਾਹੁੰਦੇ ਹਨ। ਟਰੰਪ ਦੇ ਵਕੀਲ ਸਟੀਵਨ ਸੈਡੋ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 23 ਅਕਤੂਬਰ, 2023 ਤੱਕ ਆਪਣੇ ਮਾਮਲੇ ਦੀ ਸੁਣਵਾਈ ਲਈ ਤਿਆਰ ਰਹਿਣ ਲਈ ਲੋੜੀਂਦਾ ਸਮਾਂ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਸੁਣਵਾਈ ਦੀ ਤਰੀਕ ਲਈ ਮਜਬੂਰ ਕਰਨਾ ‘ਨਿਰਪੱਖ ਸੁਣਵਾਈ ਅਤੇ ਕਾਨੂੰਨ ਦੀ ਉੱਚਿਤ ਪ੍ਰਕਿਰਿਆ ਲਈ ਰਾਸ਼ਟਰਪਤੀ ਟਰੰਪ ਦੇ ਫੈਡਰਲ ਅਤੇ ਸੂਬਾਈ ਅਧਿਕਾਰਾਂ ਦੀ ਉਲੰਘਣਾ ਹੋਵੇਗੀ।’
2024 ਦੇ ਰਿਪਬਲਿਕਨ ਰਾਸ਼ਟਰਪਤੀ ਨਾਮਜ਼ਦਗੀ ਲਈ ਮੌਜੂਦੀ ਸਮੇਂ ‘ਚ ਸਭ ਤੋਂ ਅੱਗੇ ਟਰੰਪ, ਆਪਣੇ ਪਿਛਲੇ ਤਿੰਨ ਮੁਕੱਦਮਿਆਂ ‘ਚੋਂ ਹਰੇਕ ‘ਚ ਪੇਸ਼ ਹੋਏ ਹਨ। ਹਾਲਾਂਕਿ ਸੁਣਵਾਈ ਤਿੰਨ ਮਾਮਲਿਆਂ ‘ਚ ਸੁਣਵਾਈ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ, ਕਿਉਂਕਿ ਅਦਾਲਤਾਂ ਦੇ ਬਾਹਰ ਟਰੰਪ ਦੇ ਸਮਰਥਕ ਅਤੇ ਪ੍ਰਦਰਸ਼ਨਕਾਰੀ ਵੱਡੀ ਗਿਣਤੀ ‘ਚ ਇਕੱਠੇ ਹੁੰਦੇ ਸਨ।
ਸਾਬਕਾ ਰਾਸ਼ਟਰਪਤੀ ਦੇ ਕਈ ਸਹਿ-ਮੁਲਜ਼ਮਾਂ ਨੇ ਵੀ ਅਦਾਲਤ ‘ਚ ਹਾਜ਼ਰ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਦੋਸ਼ੀ ਨਾ ਠਹਿਰਾਏ ਜਾਣ ਦੀ ਅਪੀਲ ਕੀਤੀ ਹੈ। ਇਨ੍ਹਾਂ ‘ਚ ਸਿਡਨੀ ਪਾਵੇਲ, ਟ੍ਰੇਵਿਅਨ ਕੁਟੀ ਅਤੇ ਜੇਨਾ ਐਲਿਸ ਦੇ ਨਾਂ ਸ਼ਾਮਿਲ ਹਨ। ਜਿਹੜੇ ਮੁਲਜ਼ਮਾਂ ਨੇ ਅਜਿਹਾ ਨਹੀਂ ਕੀਤਾ ਹੈ, ਉਹ 6 ਸਤੰਬਰ ਨੂੰ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਅਦਾਲਤ ‘ਚ ਹਾਜ਼ਰ ਹੋਣਗੇ।