#AMERICA

ਜਾਰਜੀਆ ਚੋਣ ਨਤੀਜੇ ਪਲਟਣ ਦੇ ਮਾਮਲੇ ’ਚ ਟਰੰਪ ਕਰਨਗੇ ਆਤਮ ਸਮਰਪਣ!

ਵਾਸ਼ਿੰਗਟਨ, 23 ਅਗਸਤ (ਪੰਜਾਬ ਮੇਲ)-ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਨਤੀਜੇ ਪਲਟਣ ਦੇ ਮਾਮਲੇ ਵਿਚ ਫੁਲਟਨ ਕਾਊਂਟੀ ਜੇਲ੍ਹ ਵਿਚ ਆਤਮ ਸਮਰਪਣ ਕਰ ਸਕਦੇ ਹਨ। ਡੋਨਾਲਡ ਟਰੰਪ ਤੇ 18 ਹੋਰ ਮੁਲਜ਼ਮਾਂ ’ਤੇ ਸਾਲ 2020 ਦੇ ਰਾਸ਼ਟਰਪਤੀ ਚੋਣਾਂ ਦੌਰਾਨ ਜਾਰਜੀਆ ਦੇ ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਦਾ ਦੋਸ਼ ਹੈ। ਇਸ ਮਾਮਲੇ ਵਿਚ ਦੋਸ਼ ਤੈਅ ਕੀਤੇ ਗਏ ਤੇ 25 ਅਗਸਤ ਨੂੰ ਟਰੰਪ ਸਣੇ ਸਾਰੇ ਮੁਲਜ਼ਮਾਂ ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਡੋਨਾਲਡ ਅਗਲੇ ਸਾਲ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਰਿਪਬਲਿਕ ਪਾਰਟੀ ਵੱਲੋਂ ਉਮੀਦਵਾਰ ਹਨ। ਰਾਸ਼ਟਰਪਤੀ ਚੋਣ ਦੀ ਪਹਿਲੀ ਡਿਬੇਟ ਹੋਣੀ ਹੈ। ਹੁਣ ਜਾਰਜੀਆ ਚੋਣ ਨਤੀਜਿਆਂ ਨੂੰ ਪਾਲਟਣ ਦੇ ਮਾਮਲੇ ਵਿਚ ਆਤਮ ਸਮਰਪਣ ਕਰਨ ਕਾਰਨ ਹੋ ਸਕਦਾ ਹੈ ਕਿ ਟਰੰਪ ਇਸ ਪਹਿਲੀ ਡਿਬੇਟ ’ਚ ਸ਼ਾਮਲ ਨਾ ਹੋ ਸਕਣ। ਟਰੰਪ ਡਿਬੇਟ ਵਿਚ ਸ਼ਾਮਲ ਹੋਣ ਦੀ ਬਜਾਏ ਇਕ ਆਨਲਾਈਨ ਇੰਟਰਵਿਊ ’ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਅਜੇ ਤੱਕ ਕੁਝ ਵੀ ਤੈਅ ਨਹੀਂ ਹੈ।
ਕਈ ਮਾਮਲੇ ਦਰਜ ਹੋਣ ਕਾਰਨ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਦੱਸ ਦੇਈਏ ਕਿ ਟਰੰਪ ’ਤੇ 4 ਮਾਮਲੇ ਦਰਜ ਹਨ ਤੇ ਇਨ੍ਹਾਂ ਮਾਮਲਿਆਂ ਵਿਚ ਉਨ੍ਹਾਂ ’ਤੇ ਕੁੱਲ 91 ਦੋਸ਼ ਲੱਗੇ ਹਨ। ਜਾਰਜੀਆ ਮਾਮਲੇ ਵਿਚ ਟਰੰਪ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਜਾਰਜੀਆ ਦੇ ਚੋਣ ਅਧਿਕਾਰੀ ਨੂੰ ਫੋਨ ਕਰਕੇ ਚੋਣ ਨਤੀਜੇ ਪਲਟਣ ਲਈ ਵੋਟ ਪਾਉਣ ਦਾ ਨਿਰਦੇਸ਼ ਦਿੱਤਾ ਸੀ ਪਰ ਚੋਣ ਅਧਿਕਾਰੀ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਮਾਮਲੇ ਵਿਚ ਟਰੰਪ ਤੇ ਉਸ ਦੇ ਸਹਿਯੋਗੀਆਂ ਦੇ ਦੋਸ਼ੀ ਪਾਏ ਜਾਣ ‘ਤੇ ਜ਼ਿਆਦਾਤਰ 20 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

Leave a comment