-ਟਕਸਾਲੀ ਭਾਜਪਾਈਆਂ ਨੇ ਵੱਟੀ ਚੁੱਪੀ
ਜਲੰਧਰ, 17 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਨੇ ਸੂਬਾ ਪ੍ਰਧਾਨ ਦੇ ਅਹੁਦੇ ‘ਤੇ ਸੁਨੀਲ ਜਾਖੜ ਨੂੰ ਤਾਇਨਾਤ ਕੀਤਾ ਹੈ, ਜਿਸ ਤੋਂ ਬਾਅਦ ਜਾਖੜ ਲਗਾਤਾਰ ਇਕ ਤੋਂ ਬਾਅਦ ਇਕ ਪੰਜਾਬ ਸਰਕਾਰ ‘ਤੇ ਨਿਸ਼ਾਨੇ ਲਾ ਰਹੇ ਹਨ। ਹੁਣ ਤੱਕ ਭਾਜਪਾ ‘ਚ ਸੂਬਾ ਸਰਕਾਰ ‘ਤੇ ਉਸ ਤਰ੍ਹਾਂ ਹਾਵੀ ਹੋਣ ਦੀ ਕੋਸ਼ਿਸ਼ ਕਦੇ ਨਹੀਂ ਕੀਤੀ ਗਈ, ਜਿਸ ਤਰ੍ਹਾਂ ਜਾਖੜ ਇਨ੍ਹੀਂ ਦਿਨੀਂ ਕਰ ਰਹੇ ਹਨ। ਪਾਰਟੀ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਜਾਖੜ ਸੂਬੇ ਵਿਚ ਹੜ੍ਹ ਦੀ ਸਥਿਤੀ ਵੇਲੇ ਆਪਣੀ ਹਾਜ਼ਰੀ ਦਰਜ ਕਰਵਾਉਣ ‘ਚ ਕੋਈ ਕਮੀ ਵੀ ਨਹੀਂ ਛੱਡ ਰਹੇ। ਇਸ ਸਭ ਦੇ ਵਿਚਾਲੇ ਸੂਬਾ ਭਾਜਪਾ ਦੇ ਬਾਕੀ ਨੇਤਾ ਇਸ ਵੇਲੇ ਪੂਰੀ ਤਰ੍ਹਾਂ ਚੁੱਪ ਬੈਠੇ ਹਨ, ਜਿਸ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ।
ਪੰਜਾਬ ਭਾਜਪਾ ‘ਚ ਟਕਸਾਲੀ ਨੇਤਾਵਾਂ ਦੀ ਘਾਟ ਨਹੀਂ ਹੈ ਪਰ ਜਦੋਂ ਤੋਂ ਜਾਖੜ ਪ੍ਰਧਾਨ ਬਣੇ ਹਨ, ਪਾਰਟੀ ਦੇ ਕਈ ਨੇਤਾਵਾਂ ਨੂੰ ਤਾਂ ਜਿਵੇਂ ਸੱਪ ਹੀ ਸੁੰਘ ਗਿਆ ਹੈ। ਸੂਬੇ ਵਿਚ ਹੜ੍ਹ ਦੀ ਸਥਿਤੀ ਦੌਰਾਨ ਇਨ੍ਹਾਂ ਨੇਤਾਵਾਂ ਕੋਲ ਇਕ ਚੰਗਾ ਮੌਕਾ ਸੀ ਕਿ ਉਹ ਸੂਬਾ ਸਰਕਾਰ ‘ਤੇ ਸਵਾਲ ਉਠਾ ਸਕਦੇ ਪਰ ਉਨ੍ਹਾਂ ਅਜਿਹਾ ਕੋਈ ਕੰਮ ਕੀਤਾ ਹੀ ਨਹੀਂ, ਜਿਸ ਨਾਲ ਉਹ ਮੀਡੀਆ ‘ਚ ਸਾਹਮਣੇ ਆਉਂਦੇ। ਚਰਚਾ ਇਸ ਗੱਲ ਦੀ ਵੀ ਹੈ ਕਿ ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਹੁਣ ਟੀਮ ਦੇ ਗਠਨ ਸਬੰਧੀ ਤਿਆਰੀ ਚੱਲ ਰਹੀ ਹੈ। ਪਾਰਟੀ ਦੇ ਕਈ ਨੇਤਾ ਇਸ ਟੀਮ ਵਿਚ ਸੈੱਟ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਿਸ ਦੀ ਕਿੰਨੀ ਚੱਲਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਉਂਝ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਮਿਲੀ ਹੈ ਕਿ ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਟੀਮ ਵਿਚ ਕਿਸ ਨੂੰ ਰੱਖਿਆ ਜਾਵੇਗਾ, ਇਸ ਗੱਲ ‘ਤੇ ਵੀ ਕਾਫ਼ੀ ਖਿੱਚੋਤਾਣ ਚੱਲ ਰਹੀ ਹੈ। ਪੁਰਾਣੇ ਟਕਸਾਲੀ ਭਾਜਪਾਈ ਟੀਮ ਵਿਚ ਜਗ੍ਹਾ ਬਣਾਉਣ ਲਈ ਪਾਰਟੀ ਦੇ ਸੀਨੀਅਰ ਨੇਤਾਵਾਂ ਜਾਂ ਸੰਗਠਨ ਦੇ ਅਹੁਦੇਦਾਰਾਂ ਦੇ ਘਰਾਂ ਦੇ ਚੱਕਰ ਲਾ ਰਹੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਦੀ ਟੀਮ ਬਣਾਉਣ ਲਈ ਜਾਖੜ ਨੇ ਕਾਫ਼ੀ ਕੁਝ ਸੰਗਠਨ ਦੇ ਉੱਪਰ ਛੱਡ ਦਿੱਤਾ ਹੈ। ਸੰਭਵ ਤੌਰ ‘ਤੇ ਕਾਂਗਰਸ ਤੋਂ ਇੰਪੋਰਟ ਹੋਏ ਕੁਝ ਨੇਤਾਵਾਂ ਨੂੰ ਸੂਬਾ ਇਕਾਈ ਵਿਚ ਜਗ੍ਹਾ ਦੇਣ ਦੀ ਯੋਜਨਾ ਵੀ ਹੈ ਪਰ ਟੀਮ ਦੇ ਜ਼ਿਆਦਾਤਰ ਅਹੁਦੇਦਾਰ ਸੰਗਠਨ ਅਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਦੀ ਸਲਾਹ ਦੇ ਨਾਲ ਹੀ ਬਣਾਏ ਜਾਣ ਦੀ ਯੋਜਨਾ ਹੈ।