#PUNJAB

ਜਾਅਲੀ ਪਾਸਪੋਰਟ ਤਿਆਰ ਕਰਕੇ ਅਪਰਾਧੀਆਂ ਨੂੰ ਵਿਦੇਸ਼ ਭੇਜਣ ਵਾਲੇ ਅੰਤਰਰਾਜੀ ਗਰੋਹ ਦੇ 12 ਮੈਂਬਰ ਗ੍ਰਿਫ਼ਤਾਰ

ਚੰਡੀਗੜ੍ਹ, 9 ਜੂਨ (ਪੰਜਾਬ ਮੇਲ)- ਗੈਂਗਸਟਰ ਤੇ ਹੋਰ ਅਪਰਾਧੀ ਵਾਰਦਾਤਾਂ ਕਰਕੇ ਜਾਅਲੀ ਪਾਸਪੋਰਟਾਂ ਰਾਹੀਆਂ ਵਿਦੇਸ਼ ਉਡਾਰੀ ਮਾਰ ਜਾਂਦੇ ਹਨ। ਇਸ ਦਾ ਖੁਲਾਸਾ ਪੰਜਾਬ ਪੁਲਿਸ ਨੇ ਕੀਤਾ ਹੈ। ਪੁਲਿਸ ਨੇ ਜਾਅਲੀ ਪਾਸਪੋਰਟ ਤਿਆਰ ਕਰਕੇ ਅਪਰਾਧੀਆਂ ਨੂੰ ਵਿਦੇਸ਼ ਭੇਜਣ ਵਾਲੇ ਅੰਤਰਰਾਜੀ ਗਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਪੰਜਾਬ, ਦਿੱਲੀ, ਹਰਿਆਣਾ ਤੇ ਝਾਰਖੰਡ ਸੂਬਿਆਂ ਨਾਲ ਸਬੰਧਤ ਹਨ। ਇਨ੍ਹਾਂ ਨੇ ਦੇਸ਼ ਅੰਦਰ ਵੱਡਾ ਨੈੱਟਵਰਕ ਬਣਾਇਆ ਹੋਇਆ ਹੈ।

ਪੁਲਿਸ ਮੁਤਾਬਕ ਮੁਲਜ਼ਮਾਂ ਦੀ ਸ਼ਨਾਖ਼ਤ ਸਾਵਣ ਕੁਮਾਰ, ਸੋਹਣ ਲਾਲ, ਨਵਿੰਦਰ ਸਿੰਘ, ਜਸਵਿੰਦਰ ਗਿੱਲ ਸਾਰੇ ਵਾਸੀ ਕੈਥਲ, ਰਾਕੇਸ਼ ਕੁਮਾਰ ਵਾਸੀ ਜ਼ਿਲ੍ਹਾ ਕੁਰੂਕਸ਼ੇਤਰ, ਸਰਵਣ ਸਿੰਘ ਵਾਸੀ ਜ਼ਿਲ੍ਹਾ ਸੋਨੀਪਤ, ਅੰਮ੍ਰਿਤ ਰਾਘਵ ਵਾਸੀ ਗੁੜਗਾਉਂ (ਸਾਰੇ ਹਰਿਆਣਾ), ਦਲੀਪ ਕੁਮਾਰ ਪਾਸਵਾਨ ਵਾਸੀ ਧਨਬਾਦ (ਝਾਰਖੰਡ), ਨਵੀਨ ਕੁਮਾਰ ਉਰਫ ਬੱਬੂ ਵਾਸੀ ਝਬਾਲ, ਜ਼ਿਲ੍ਹਾ ਤਰਨ ਤਾਰਨ, ਅੰਮ੍ਰਿਤਪਾਲ ਸਿੰਘ ਉਰਫ ਸੰਜੂ ਵਾਸੀ ਜ਼ਿਲ੍ਹਾ ਤਰਨ ਤਾਰਨ, ਅਮਰੀਕ ਸਿੰਘ ਵਾਸੀ ਅੰਮ੍ਰਿਤਸਰ ਤੇ ਰਾਹੁਲ ਓਝਾ ਵਾਸੀ ਨਵੀਂ ਦਿੱਲੀ ਸ਼ਾਮਲ ਸਨ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਡਰੱਗ ਮਨੀ ਵਜੋਂ 22 ਲੱਖ 15 ਹਜ਼ਾਰ ਰੁਪਏ, ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬਣੇ ਦੋ ਜਾਅਲੀ ਪਾਸਪੋਰਟ, ਇੱਕ ਰਿਵਾਲਵਰ 32 ਬੋਰ ਤੇ ਚਾਰ ਕਾਰਤੂਸਾਂ ਤੋਂ ਇਲਾਵਾ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧ ਵਿੱਚ ਥਾਣਾ ਮਕਬੂਲਪੁਰਾ ’ਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਇਸ ਬਾਰੇ ਏਡੀਸੀਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਕਿ ਉਕਤ ਵਿਅਕਤੀਆਂ ਨੇ ਇੱਕ ਗਰੋਹ ਬਣਾਇਆ ਹੋਇਆ ਸੀ ਜਿਹੜਾ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਭਾਰਤੀ ਪਾਸਪੋਰਟ ਤਿਆਰ ਕਰਕੇ ਅਪਰਾਧੀਆਂ ਤੇ ਗੈਂਗਸਟਰਾਂ ਨੂੰ ਵਿਦੇਸ਼ ਭੇਜਦਾ ਹੈ। ਉਨ੍ਹਾਂ ਦੱਸਿਆ ਕਿ ਇਸ ਗਰੋਹ ਨੇ ਜਾਅਲੀ ਪਾਸਪੋਰਟ ’ਤੇ ਇੱਕ ਤਸਕਰ ਹਰਭੇਜ ਸਿੰਘ ਉਰਫ਼ ਜਾਵੇਦ ਨੂੰ ਪੁਰਤਗਾਲ ਭੇਜਣ ਵਿੱਚ ਮਦਦ ਕੀਤੀ ਹੈ। ਉਹ ਗੋਇੰਦਵਾਲ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ, ਜਿਸ ਖ਼ਿਲਾਫ਼ ਪਹਿਲਾਂ ਹੀ ਅੱਠ ਕੇਸ ਦਰਜ ਹਨ।

Leave a comment