#AMERICA

ਜਸਮੇਰ ਸਿੰਘ ਦੇ ਕਾਤਲ ‘ਤੇ ਪਰਿਵਾਰ ਵੱਲੋਂ ਨਫਰਤੀ ਹਿੰਸਾ ਦਾ ਦੋਸ਼ ਆਇਦ ਕਰਨ ਦੀ ਅਪੀਲ

-ਨਿਊਯਾਰਕ ‘ਚ ਸਿੱਖ ਬਜ਼ੁਰਗ ਦੀ ਮਾਮੂਲੀ ਕਾਰ ਹਾਦਸੇ ਨੂੰ ਲੈ ਕੇ ਬੁਰੀ ਤਰ੍ਹਾਂ ਹੋਈ ਕੁੱਟਮਾਰ ਦੌਰਾਨ ਹੋਈ ਸੀ ਮੌਤ
– ਹਮਲਾਵਰ ਦਾ ਲਾਇਸੰਸ ਪਹਿਲਾਂ ਹੀ ਮੁਅੱਤਲ ਸੀ : ਨਿਊਯਾਰਕ ਪੁਲਿਸ
ਨਿਊਯਾਰਕ, 25 ਅਕਤੂਬਰ (ਰਾਜ ਗੋਗਨਾ/ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੀਤੇ ਦਿਨੀਂ ਰਿਚਮੰਡ ਹਿੱਲ ਕੁਈਨਜ਼ ਕਾਉਂਟੀ ਦੇ ਇੱਕ ਪੰਜਾਬੀ ਸਿੱਖ ਵਿਅਕਤੀ ਨੂੰ ਮਾਮੂਲੀ ਜਿਹੇ ਹੋਏ ਕਾਰ ਹਾਦਸੇ ਨੂੰ ਲੈ ਕੇ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ, ਜਿਸ ਕਾਰਨ ਕੁਝ ਦਿਨਾਂ ਬਾਅਦ ਜਮਾਇਕਾ ਦੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਇੱਕ ਮਾਮੂਲੀ ਕਾਰ ਦੁਰਘਟਨਾ ਤੋਂ ਕੁਝ ਪਲਾਂ ਬਾਅਦ ਹੀ ਇਹ ਸਭ ਵਾਪਰਿਆ। ਮ੍ਰਿਤਕ ਦੇ ਪਰਿਵਾਰ ਨੇ ਸ਼ੱਕੀ ਵਿਰੁੱਧ ਨਫ਼ਰਤ ਅਪਰਾਧ ਦੇ ਦੋਸ਼ਾਂ ਦੀ ਵੀ ਮੰਗ ਕੀਤੀ। ਮਾਰੇ ਗਏ ਸਿੱਖ ਵਿਅਕਤੀ ਦਾ ਨਾਂ ਜਸਮੇਰ ਸਿੰਘ ਮੁਲਤਾਨੀ (68) ਸਾਲ ਦੱਸਿਆ ਜਾਦਾ ਹੈ। ਕਾਰ ਹਾਦਸੇ ਮਗਰੋਂ ਦੂਜੀ ਕਾਰ ਦਾ ਚਾਲਕ ਗਿਲਬਰਟ ਔਗਸਟਿਨ ਵੱਲੋਂ ਜਸਮੇਰ ਸਿੰਘ ਦੀ ਕਾਫੀ ਮੁੱਕੇ ਮਾਰ-ਮਾਰ ਕੇ ਕੁੱਟਮਾਰ ਕੀਤੀ। ਇਹ ਘਟਨਾ 19 ਅਕਤੂਬਰ ਨੂੰ ਵਾਪਰੀ ਸੀ। ਪੁਲਿਸ ਨੇ ਦੋਸ਼ੀ ਗਿਲਬਰਟ ਔਗਸਟਿਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਕੁੱਟਮਾਰ ਤੋਂ ਇਲਾਵਾ ਜਾਨਲੇਵਾ ਹਮਲਾ ਅਤੇ ਕਤਲ ਦਾ ਦੋਸ਼ ਲਾਇਆ ਹੈ।
ਮੌਕੇ ਦੇ ਗਵਾਹਾਂ ਅਨੁਸਾਰ ਹਾਦਸੇ ਉਪਰੰਤ ਹੋਏ ਝਗੜੇ ਦੌਰਾਨ ਔਗਸਟਿਨ ਨੇ ਜਸਮੇਰ ਸਿੰਘ ਉਪਰ ਹਮਲਾ ਕਰ ਦਿੱਤਾ, ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਹਾਦਸੇ ਤੋਂ 2 ਮੀਲ ਦੂਰ ਔਗਸਟਿਨ ਨੂੰ ਗ੍ਰਿਫਤਾਰ ਕੀਤਾ ਤੇ ਪਤਾ ਲੱਗਾ ਕਿ ਉਸ ਦਾ ਡਰਾਈਵਿੰਗ ਲਾਇਸੰਸ ਪਹਿਲਾਂ ਹੀ ਮੁਅਤਲ ਕੀਤਾ ਹੋਇਆ ਸੀ।
ਮ੍ਰਿਤਕ ਜਸਮੇਰ ਸਿੰਘ ਸਿੱਖ ਧਰਮ ਦੇ ਨਾਲ ਸਬੰਧਤ ਆਪਣੇ ਪਰਿਵਾਰ ਨੂੰ ਪਾਲਣ ਲਈ ਭਾਰਤ ਤੋਂ ਅਮਰੀਕਾ ਆਏ ਸਨ। ਬੀਤੇ ਵੀਰਵਾਰ ਨੂੰ ਜਸਮੇਰ ਸਿੰਘ ਮੁਲਤਾਨੀ ਆਪਣੀ ਪਤਨੀ ਨੂੰ ਅਗਲੇ ਹਫਤੇ ਭਾਰਤ ਦੀ ਯਾਤਰਾ ਦੀ ਤਿਆਰੀ ਲਈ ਡਾਕਟਰ ਦੀ ਅਪੁਆਇਟਮੈਂਟ ਤੋਂ ਵਾਪਿਸ ਘਰ ਲਿਜਾ ਰਿਹਾ ਸੀ। ਪਰ ਵੈਨ ਐਕਸਪ੍ਰੈੱਸ ਵੇਅ ‘ਤੇ ਇਹ ਹਾਦਸਾ ਵਾਪਰ ਗਿਆ। ਪਰਿਵਾਰ ਨੇ ਕਿਹਾ, ਭਾਰੀ ਕੁੱਟਮਾਰ ਦੋਰਾਨ ਉਸ ਦੀ ਖੋਪੜੀ ਟੁੱਟ ਗਈ ਸੀ ਅਤੇ ਅਗਲੇ ਦੋ ਦੰਦ ਨਿਕਲ ਗਏ ਸਨ ਅਤੇ ਉਨ੍ਹਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ। ਬਜ਼ੁਰਗ ਜਸਮੇਰ ਸਿੰਘ ਮੁਲਤਾਨੀ ਦੀ ਮੌਤ ਮਗਰੋਂ ਪੂਰੇ ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।
ਇਸ ਮੌਤ ‘ਤੇ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਸੋਸ਼ਲ ਮੀਡੀਆ ਸਾਈਟ ‘ਐਕਸ’ ‘ਤੇ ਜਸਮੇਰ ਸਿੰਘ ਮੁਲਤਾਨੀ ਦੀ ਮੌਤ ‘ਤੇ ਡੂੰਘਾ ਦੁੱਖ ਜਤਾਇਆ ਹੈ।

Leave a comment