ਐਂਟੀਓਕ, 18 ਅਕਤੂਬਰ (ਪੰਜਾਬ ਮੇਲ)- ਜਸਬੀਰ ਸਿੰਘ ਖਹਿਰਾ ਪਿਛਲੇ ਦਿਨੀਂ ਰਾਤ 9 ਵਜੇ ਜਦੋਂ ਆਪਣੇ ਟਰੱਕ ਦਾ ਲੋਡ ਲੈ ਕੇ ਘਰੋਂ ਨਿਕਲਿਆ ਸੀ, ਤਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਜ਼ਿੰਦਗੀ ਦਾ ਇਹ ਆਖਰੀ ਦਿਨ ਹੋਵੇਗਾ। ਘਰੋਂ ਨਿਕਲਣ ਤੋਂ ਤਕਰੀਬਨ 1 ਘੰਟੇ ਬਾਅਦ ਹੀ ਉਸ ਦੇ ਟਰੱਕ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਖਹਿਰਾ ਇਥੇ ਆਪਣਾ ਟਰੱਕ ਚਲਾਉਂਦਾ ਸੀ ਅਤੇ ਉਸ ਨੇ ਇਹ ਲੋਡ ਖੁਦ ਮੰਗ ਕੇ ਲਿਆ ਸੀ। ਜਦੋਂ ਉਹ ਇਥੇ ਨਜ਼ਦੀਕੀ ਟੋਲ ਪਲਾਜ਼ੇ ‘ਤੇ ਪਹੁੰਚਿਆ, ਤਾਂ ਅਚਾਨਕ ਟਰੱਕ ਟੋਲ ਪਲਾਜ਼ੇ ਨਾਲ ਟਕਰਾ ਗਿਆ, ਜਿਸ ‘ਤੇ ਟਰੱਕ ਨੂੰ ਅੱਗ ਲੱਗ ਗਈ। ਇਸ ਦੁਰਘਟਨਾ ਦੌਰਾਨ ਜਸਬੀਰ ਸਿੰਘ ਖਹਿਰਾ ਦੀਆਂ ਪਸਲੀਆਂ ਟੁੱਟ ਗਈਆਂ। ਅੱਗ ਲੱਗਣ ਦੇ ਬਾਵਜੂਦ ਉਹ ਕਿਸੇ ਤਰੀਕੇ ਨਾਲ ਟਰੱਕ ਤੋਂ ਛਾਲ ਮਾਰ ਕੇ ਬਾਹਰ ਆ ਗਿਆ। ਉਸ ਦੇ ਸਰੀਰ ਦਾ ਕੁੱਝ ਹਿੱਸਾ ਵੀ ਸੜ ਗਿਆ। ਮੌਕੇ ‘ਤੇ ਪਹੁੰਚੀ ਐਂਬੂਲੈਂਸ ਅਤੇ ਸੁਰੱਖਿਆ ਦਸਤਿਆਂ ਨੇ ਜਸਬੀਰ ਸਿੰਘ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਰਸਤੇ ਵਿਚ ਹੀ ਦਮ ਤੋੜ ਗਿਆ। ਇਸ ਘਟਨਾ ਨਾਲ ਇਲਾਕੇ ਵਿਚ ਸ਼ੋਕ ਦਾ ਮਾਤਮ ਛਾ ਗਿਆ। ਜਸਬੀਰ ਸਿੰਘ ਖਹਿਰਾ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਛੋਟੀਆਂ ਬੱਚੀਆਂ ਨੂੰ ਵੀ ਰੌਂਦਿਆਂ-ਕੁਰਲਾਉਂਦਿਆਂ ਛੱਡ ਗਿਆ ਹੈ। ਉਸ ਦਾ ਪਿਛਲਾ ਪਿੰਡ ਜਗਰਾਓਂ, ਜ਼ਿਲ੍ਹਾ ਲੁਧਿਆਣਾ ਸੀ ਅਤੇ ਉਹ 2007 ਤੋਂ ਅਮਰੀਕਾ ਰਹਿ ਰਿਹਾ ਸੀ।
ਜਸਬੀਰ ਸਿੰਘ ਖਹਿਰਾ ਨੇ ਪਿਛਲੇ ਦਿਨੀਂ ਹੀ ਕੈਲੀਫੋਰਨੀਆ ਦੇ ਐਂਟੀਓਕ ਸ਼ਹਿਰ ਵਿਖੇ ਆਪਣਾ ਨਵਾਂ ਘਰ ਲਿਆ ਸੀ ਤੇ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ। ਜਸਬੀਰ ਸਿੰਘ ਦਾ ਅੰਤਿਮ ਸਸਕਾਰ 19 ਅਕਤੂਬਰ, ਦਿਨ ਵੀਰਵਾਰ ਨੂੰ ਸਵੇਰੇ 10 ਤੋਂ 12 ਵਜੇ ਤੱਕ Hulls Walnut Creek Chapel, 1139 Saranap Ave. Walnut Creek, CA 94595 ਵਿਖੇ ਕੀਤਾ ਜਾਵੇਗਾ। ਉਪਰੰਤ ਅੰਤਿਮ ਅਰਦਾਸ Gurudwara Sahib of Bay Point, 780 Port Chicago Hwy A, Bay Point CA. 93465 ਵਿਖੇ 1:30 ਵਜੇ ਹੋਵੇਗੀ।