#PUNJAB

ਜਲੰਧਰ ਤੋਂ ਰਿੰਕੂ ਦੀ ਜਿੱਤ ਨਾਲ ਲੋਕ ਸਭਾ ‘ਚ ‘ਆਪ’ ਦਾ ਮੁੜ ਦਾਖਲਾ

ਚੰਡੀਗੜ੍ਹ, 13 ਮਈ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਵੱਡੀ ਜਿੱਤ ਨਾਲ ਪਾਰਟੀ ਦਾ ਲੋਕ ਸਭਾ ‘ਚ ਮੁੜ ਦਾਖਲਾ ਹੋ ਗਿਆ। ਇਹ ਕਾਂਗਰਸ ਲਈ ਵੱਡਾ ਝਟਕਾ ਹੈ, ਉਸ ਕੋਲ ਇਹ ਸੀਟ 1999 ਤੋਂ ਸੀ। ਕਾਂਗਰਸ ਨੇ ਮਰਹੂਮ ਸੰਤੋਖ ਚੌਧਰੀ ਦੀ ਵਿਧਵਾ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ। ਬੀਤੇ ਸਾਲ ਜੂਨ 2022 ਵਿਚ ‘ਆਪ’ ਨੂੰ ਵੱਡਾ ਝਟਕਾ ਲੱਗਿਆ, ਜਦੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਆਪਣੇ ਨੇੜਲੇ ਵਿਰੋਧੀ ‘ਆਪ’ ਦੇ ਗੁਰਮੇਲ ਸਿੰਘ ਨੂੰ ਮਾਮੂਲੀ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸੰਗਰੂਰ ਹਲਕਾ ਕਿਸੇ ਸਮੇਂ ‘ਆਪ’ ਦਾ ਗੜ੍ਹ ਰਿਹਾ ਹੈ। ਭਗਵੰਤ ਮਾਨ ਇਸ ਸੀਟ ਤੋਂ ਦੋ ਵਾਰ 2014 ਅਤੇ 2019 ਵਿਚ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਨੇ ਫਰਵਰੀ 2022 ਵਿਚ ਧੂਰੀ ਤੋਂ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਸੀਟ ਖਾਲੀ ਕਰ ਦਿੱਤੀ ਸੀ। ਜਲੰਧਰ ਦੀ ਜਿੱਤ ਨੇ ‘ਆਪ’ ਨੂੰ ਜਲਦੀ ਹੀ ਹੋਣ ਵਾਲੀਆਂ ਸਥਾਨਕ ਸਰਕਾਰਾਂ ਚੋਣਾਂ ਲਈ ਹੌਂਸਲਾ ਦੇ ਦਿੱਤਾ ਹੈ।

Leave a comment