#PUNJAB

ਜਲੰਧਰ ਜ਼ਿਮਨੀ ਚੋਣ ਲਈ ਸਿਆਸੀ ਧਿਰਾਂ ਵੱਲੋਂ ਸਰਗਰਮੀਆਂ ਸਿਖਰਾਂ ‘ਤੇ

ਜਲੰਧਰ, 1 ਜੁਲਾਈ (ਪੰਜਾਬ ਮੇਲ)- ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਸਿਆਸੀ ਸਰਗਰਮੀਆਂ ਸਿਖਰਾਂ ‘ਤੇ ਹਨ। ‘ਆਪ’ ਦੇ ਕੌਮੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਪਾਰਟੀ ਅਹੁਦੇਦਾਰਾਂ, ਵਿਧਾਇਕਾਂ, ਮੰਤਰੀਆਂ ਤੇ ਸੰਸਦ ਮੈਂਬਰਾਂ ਨਾਲ ਰੀਜੈਂਟ ਪਾਰਕ ਵਿਚ ਮੀਟਿੰਗਾਂ ਕੀਤੀਆਂ। ਪਾਰਟੀ ਅਹੁਦੇਦਾਰਾਂ ਨਾਲ ਵੱਖਰੀ ਮੀਟਿੰਗ ਕੀਤੀ ਗਈ ਤੇ ਵਿਧਾਇਕਾਂ ਤੇ ਮੰਤਰੀਆਂ ਨਾਲ ਵੱਖਰੀ ਮੀਟਿੰਗ ਕੀਤੀ। ਮੰਤਰੀਆਂ ਵਿਚ ਅਮਨ ਅਰੋੜਾ ਤੇ ਬਲਕਾਰ ਸਿੰਘ ਸ਼ਾਮਲ ਸਨ, ਜਦਕਿ ਵਿਧਾਇਕਾਂ ਵਿਚ ਦਲਜੀਤ ਸਿੰਘ ਭੋਲਾ, ਅਸ਼ੋਕ ਪਰਾਸ਼ਰ ਪੱਪੀ, ਰਮਨ ਅਰੋੜਾ, ਦੀਪਕ ਬਾਲੀ, ਸੰਤ ਬਲਬੀਰ ਸਿੰਘ, ਡਾ. ਰਾਜ ਕੁਮਾਰ ਚੱਬੇਵਾਲ ਅਤੇ ਹੋਰ ਆਗੂ ਮੌਜੂਦ ਰਹੇ। ਸੁਖਬੀਰ ਸਿੰਘ ਬਾਦਲ ਨੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਘਰ ਅਫਸੋਸ ਪ੍ਰਗਟਾਉਣ ਲਈ ਆਉਣਾ ਸੀ। ਸਰਬਜੀਤ ਸਿੰਘ ਮੱਕੜ ਦੇ ਨੌਜਵਾਨ ਪੁੱਤਰ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ। ਬਾਗੀ ਧੜੇ ਦੀ ਦੂਜੀ ਮੀਟਿੰਗ ਹਮਦਰਦ ਦੇ ਫਾਰਮ ਹਾਊਸ ‘ਤੇ ਹੋਣ ਨਾਲ ਇਹ ਚਰਚਾ ਜ਼ੋਰਾਂ ਨਾਲ ਚੱਲ ਰਹੀ ਹੈ ਕਿ ਅਕਾਲੀਆਂ ਦੇ ਬਾਗੀ ਧੜੇ ਨੂੰ ਕਿਸੇ ਨਾ ਕਿਸੇ ਰੂਪ ਵਿਚ ਹਮਦਰਦ ਦੀ ਸ਼ਹਿ ਵੀ ਦੱਸੀ ਜਾ ਰਹੀ ਹੈ। ਉਧਰ ਭਾਜਪਾ ਵਾਲੇ ਵੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਉਡੀਕਦੇ ਰਹੇ।
ਇਸ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜੀਤ ਅਖਬਾਰ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ ਨਾਲ ਢਾਈ ਘੰਟੇ ਤੋਂ ਵੱਧ ਸਮਾਂ ਮੀਟਿੰਗ ਕੀਤੀ। ਦੋਹਾਂ ਵਿਚਾਲੇ ਲੰਮੀ ਚੱਲੀ ਮੀਟਿੰਗ ਬਾਰੇ ਕਿਸੇ ਵੀ ਧਿਰ ਨੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਦੱਸਿਆ ਪਰ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਏ ਸੰਕਟ ਜਾਂ ਇਸ ਬਗਾਵਤ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਵਰਗੇ ਮੁੱਦਿਆਂ ‘ਤੇ ਚਰਚਾ ਹੋਈ।