#PUNJAB

ਜਲੰਧਰ ‘ਚ ਮਾਂ-ਧੀ ਦੇ ਕਤਲ ਦਾ ਮਾਮਲਾ; ਪਿਤਾ ਵੱਲੋਂ ਅਮਰੀਕਾ ਰਹਿੰਦੇ ਜਵਾਈ ‘ਤੇ ਸੁਪਾਰੀ ਦੇ ਕੇ ਕਤਲ ਕਰਾਉਣ ਦਾ ਦੋਸ਼

ਜਲੰਧਰ, 18 ਅਕਤੂਬਰ (ਪੰਜਾਬ ਮੇਲ)- ਜਲੰਧਰ ਦੇ ਪਤਾਰਾ ਇਲਾਕੇ ਵਿਚ ਪੈਂਦੇ ਪਿੰਡ ਨੰਗਲ ਸ਼ਾਮਾ ਦੀ ਕਲੋਨੀ ਅਮਰ ਨਗਰ ਵਿਚ ਦਿਨ ਦਿਹਾੜੇ ਹੋਏ ਮਾਂ-ਧੀ ਦੇ ਕਤਲ ਨੂੰ ਲੈ ਕੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਨੇ ਆਖਿਆ ਹੈ ਕਿ ਉਸ ਦੀ ਪਤਨੀ ਅਤੇ ਧੀ ਦਾ ਕਤਲ ਉਸ ਦੇ ਅਮਰੀਕਾ ਬੈਠੇ ਜਵਾਈ ਨੇ ਸੁਪਾਰੀ ਦੇ ਕੇ ਕਰਵਾਇਆ ਹੈ। ਮਾਮਲੇ ਦੀ ਜਾਂਚ ਕਰਨ ਲਈ ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਵਿਜੇ ਕੰਵਰਪਾਲ ਨੇ ਦੱਸਿਆ ਕਿ ਅਮਨ ਇਨਕਲੇਵ ਵਿਚ ਜਗਤਾਰ ਸਿੰਘ ਆਪਣੀ ਧੀ ਅਤੇ ਪਤਨੀ ਨਾਲ ਰਹਿੰਦਾ ਸੀ। ਜਗਤਾਰ ਸਿੰਘ ਦੀ ਧੀ ਦਾ ਪਤੀ ਜਸਪ੍ਰੀਤ ਸਿੰਘ ਜੋ ਕਿ ਅਮਰੀਕਾ ਵਿਚ ਰਹਿੰਦਾ ਹੈ। ਜਿਸ ਨੇ ਕੁੱਝ ਲੋਕਾਂ ਨੂੰ ਸੁਪਾਰੀ ਦੇ ਕੇ ਪਤਨੀ ਅਤੇ ਸੱਸ ਦਾ ਗੋਲੀਆਂ ਮਾਰ ਕੇ ਕਤਲ ਕਰਵਾਇਆ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਹਮਲਾ ਕਰਨ ਆਏ ਹਮਲਾਵਰਾਂ ਦੇ ਮੂੰਹ ਢਕੇ ਹੋਏ ਸਨ। ਗੁਰਪ੍ਰੀਤ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਦੇ ਚੱਲਦੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਦੂਜੇ ਪਾਸੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸਵੇਰੇ 10 ਵਜੇ ਪਤਾ ਲੱਗਾ ਕਿ ਅਣਪਛਾਤੇ ਵਿਅਕਤੀ ਜੋ ਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ ਨੇ ਘਰ ਅੰਦਰ ਦਾਖਲ ਹੋ ਕੇ ਰਣਜੀਤ ਕੌਰ ਅਤੇ ਉਸ ਦੀ ਧੀ ਗੁਰਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇੱਥੇ ਹੀ ਬਸ ਨਹੀਂ, ਕਾਤਲਾਂ ਨੇ ਰਣਜੀਤ ਕੌਰ ਦੀ ਲਾਸ਼ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਪੁਲਿਸ ਨੇ ਅੱਧ ਸੜੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਫਿਲਹਾਲ ਪੁਲਿਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a comment