#Featured

ਜਲੰਧਰ ‘ਚ ਫਰਜ਼ੀ ਐੱਨ.ਆਰ.ਆਈ. ਮੈਰਿਜ ਸਰਵਿਸ ਦਾ ਪਰਦਾਫਾਸ਼

ਜਲੰਧਰ, 2 ਅਗਸਤ (ਪੰਜਾਬ ਮੇਲ)- ਕਮਿਸ਼ਨਰੇਟ ਪੁਲਿਸ ਨੇ ਫਰਜ਼ੀ ਐੱਨ.ਆਰ.ਆਈ. ਸਰਵਿਸ ਦਾ ਦਫਤਰ ਖੋਲ੍ਹ ਕੇ ਐੱਨ.ਆਰ.ਆਈਜ਼ ਨੂੰ ਵਿਆਹ ਦਾ ਝਾਂਸਾ ਦੇ ਕੇ ਰਜਿਸਟ੍ਰੇਸ਼ਨ ਫੀਸ ਲੈ ਕੇ ਠੱਗੀ ਮਾਰਨ ਵਾਲੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਫਰਜ਼ੀਵਾੜਾ ਐੱਮ.ਐੱਸ.ਸੀ.ਆਈ.ਟੀ. ਅਤੇ ਐੱਮ.ਏ. ਇਕਨਾਮਿਕਸ ਦੇ ਸਟੂਡੈਂਟਸ ਕਰ ਰਹੇ ਸਨ, ਜਿਹੜੇ ਦਫਤਰ ਵੀ ਪਾਰਟਨਰਸ਼ਿਪ ਵਿਚ ਚਲਾ ਰਹੇ ਸਨ। ਪੁਲਿਸ ਦੀ ਮੰਨੀਏ ਤਾਂ ਮੁਲਜ਼ਮ 3 ਸਾਲਾਂ ਵਿਚ ਐੱਨ.ਆਰ.ਆਈਜ਼ ਤੋਂ ਇਕ ਕਰੋੜ ਰੁਪਏ ਤੋਂ ਵੀ ਜ਼ਿਆਦਾ ਪੈਸੇ ਠੱਗ ਚੁੱਕੇ ਹਨ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਚੌਕੀ ਅਧੀਨ ਛਿਨਮਸਤਿਕਾ ਬਿਲਡਿੰਗ ਦੀ ਚੌਥੀ ਮੰਜ਼ਿਲ ‘ਤੇ ਖੁੱਲ੍ਹੇ ਐੱਨ.ਆਰ.ਆਈ. ਮੈਰਿਜ ਸਰਵਿਸ ਵਿਚ ਵੱਡੇ ਪੱਧਰ ‘ਤੇ ਐੱਨ.ਆਰ.ਆਈਜ਼ ਨਾਲ ਫਰਾਡ ਕੀਤਾ ਜਾ ਰਿਹਾ ਹੈ।
ਸੀ.ਪੀ. ਨੇ ਦੱਸਿਆ ਕਿ ਦਫਤਰ ਦੇ ਮਾਲਕ ਰੋਹਿਤ ਪੁੱਤਰ ਰੰਜਨ ਨਿਵਾਸੀ ਉਪਕਾਰ ਨਗਰ ਅਤੇ ਆਨੰਦ ਸ਼ੁਕਲਾ ਪੁੱਤਰ ਰਾਮ ਭਵਨ ਨਿਵਾਸੀ ਨਿਊ ਅਮਰੀਕ ਨਗਰ ਨੇ ਐੱਨ.ਆਰ.ਆਈ. ਮੈਰਿਜ ਸਰਵਿਸ ਦੇ ਨਾਂ ਦਾ ਐਪ ਵੀ ਬਣਾਇਆ ਸੀ, ਜਿਸ ਵਿਚ ਉਨ੍ਹਾਂ ਵਰਚੁਅਲ ਨੰਬਰ ਪਾਏ ਹੋਏ ਹਨ, ਜਦੋਂਕਿ ਹੋਰ ਰਜਿਸਟ੍ਰੇਸ਼ਨ ਮੈਟਰੀਮੋਨੀਅਲ ਵੈੱਬਸਾਈਟਸ ਤੋਂ ਨੌਜਵਾਨਾਂ ਦੀ ਪ੍ਰੋਫਾਈਲ ਕਾਪੀ ਕਰਕੇ ਉਸਨੂੰ ਮੋਡੀਫਾਈ ਕਰਕੇ ਉਹ ਆਪਣੇ ਐਪ ਵਿਚ ਪਾ ਦਿੰਦੇ ਸਨ। ਮੁਲਜ਼ਮ ਅਖਬਾਰਾਂ ਵਿਚ ਮੈਟਰੀਮੋਨੀਅਲ ਇਸ਼ਤਿਹਾਰਾਂ ਵਿਚੋਂ ਐੱਨ.ਆਰ.ਆਈਜ਼ ਦੇ ਮੋਬਾਇਲ ਨੰਬਰ ਲੈ ਕੇ ਉਹ (ਐੱਨ.ਆਰ.ਆਈ.) ਜਿਸ ਵੀ ਕੰਟਰੀ ਵਿਚ ਹੁੰਦੇ ਸਨ, ਉਥੋਂ ਦੇ ਲੋਕਲ ਨੰਬਰ ਤੋਂ ਜਲੰਧਰ ਵਿਚ ਬੈਠ ਕੇ ਕਾਲ ਕਰ ਦਿੰਦੇ ਸਨ ਅਤੇ ਆਪਣੇ ਐਪ ਵਿਚ ਮੋਡੀਫਾਈ ਕਰਕੇ ਪਾਈ ਗਈ ਪ੍ਰੋਫਾਈਲ ਦਿਖਾ ਕੇ ਐੱਨ.ਆਰ. ਆਈਜ਼ ਦੀ ਪ੍ਰੋਫਾਈਲ ਬਣਾ ਕੇ ਡਾਲਰਾਂ ਵਿਚ ਰਜਿਸਟ੍ਰੇਸ਼ਨ ਫੀਸ ਟਰਾਂਸਫਰ ਕਰਵਾ ਲੈਂਦੇ ਸਨ।
ਪੈਸੇ ਆਉਣ ਤੋਂ ਬਾਅਦ ਮੁਲਜ਼ਮ ਜਾਂ ਤਾਂ ਆਪਣਾ ਨੰਬਰ ਬਦਲ ਲੈਂਦੇ ਸਨ ਜਾਂ ਫਿਰ ਐੱਨ.ਆਰ.ਆਈ. ਦੇ ਫੋਨ ਚੁੱਕਣੇ ਬੰਦ ਕਰ ਦਿੰਦੇ ਸਨ। ਇਸ ਸਾਰੇ ਧੰਦੇ ਲਈ ਮੁਲਜ਼ਮ ਆਪਣੇ ਦਫਤਰ ਵਿਚ ਵਰਚੁਅਲ ਮੋਬਾਇਲ ਨੰਬਰਾਂ ਦੇ ਨਾਲ-ਨਾਲ ਲੈਪਟਾਪ, ਕੰਪਿਊਟਰ ਅਤੇ ਲੈਂਡਲਾਈਨ ਫੋਨ ਦੀ ਵੀ ਵਰਤੋਂ ਕਰਦੇ ਸਨ। ਸੀ.ਆਈ.ਏ. ਸਟਾਫ ਦੀ ਟੀਮ ਨੇ ਉਨ੍ਹਾਂ ਦੇ ਦਫਤਰ ਵਿਚ ਰੇਡ ਕਰ ਕੇ ਰੋਹਿਤ ਅਤੇ ਆਨੰਦ ਨੂੰ ਗ੍ਰਿਫ਼ਤਾਰ ਕਰ ਕੇ ਦਫਤਰ ਵਿਚੋਂ 7 ਕੰਪਿਊਟਰ, ਮੋਬਾਇਲ, 3 ਲੈਪਟਾਪ, ਟੈਲੀਫੋਨ ਅਤੇ 16,500 ਰੁਪਏ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ ਦਫਤਰ ਵਿਚ ਸਟਾਫ ਵੀ ਰੱਖਿਆ ਹੋਇਆ ਸੀ। ਸੀ.ਪੀ. ਚਾਹਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿਚ ਹੋਰਨਾਂ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਭਾਲ ਵਿਚ ਉਹ ਰੇਡ ਕਰ ਰਹੇ ਹਨ। ਮੁਲਜ਼ਮ ਰਿਮਾਂਡ ‘ਤੇ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a comment