ਜਰਖੜ ਹਾਕੀ ਅਕੈਡਮੀ ਨੇ ਓਲੰਪਿਕ ਡੇਅ ਖੇਡ ਭਾਵਨਾ ਨਾਲ ਮਨਾਇਆ  

10
Share

ਨਿੱਕੇ ਨਿੱਕੇ ਬੱਚਿਆਂ ਨੇ ਓਲੰਪੀਅਨ ਖਿਡਾਰੀ ਬਣਨ ਦੀ ਭਾਵਨਾ ਜਤਾਈ  –ਜਰਖੜ
ਲੁਧਿਆਣਾ, 23 ਜੂਨ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਨੇ ਹਾਕੀ ਇੰਡੀਆ ਦੀਆਂ ਹਿਦਾਇਤਾਂ ਤੇ ਹਾਕੀ ਅਕੈਡਮੀ ਜਰਖੜ ਵੱਲੋਂ  ਓਲੰਪਿਕ ਡੇਅ ਨੂੰ ਜਰਖੜ ਖੇਡ ਕੰਪਲੈਕਸ ਵਿਖੇ ਬਹੁਤ ਹੀ ਸਤਿਕਾਰ ਅਤੇ ਖੇਡ ਭਾਵਨਾ ਨਾਲ ਮਨਾਇਆ।
ਇਸ ਮੌਕੇ  ਜਰਖੜ ਅਕੈਡਮੀ ਦੇ ਟ੍ਰੇਨੀ ਹਾਕੀ ਅਤੇ ਮੁੱਕੇਬਾਜ਼ੀ ਦੇ ਖਿਡਾਰੀਆਂ ਨੇ ਹਿੱਸਾ ਲਿਆ । ਇਸ ਦੋਰਾਨ  ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਬੱਚਿਆਂ ਨੂੰ ਓਲੰਪਿਕ ਡੇਅ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਆਖਿਆ ਕਿ  ਓਲੰਪਿਕ ਡੇਅ ਸਾਨੂੰ  ਖੇਡ ਭਾਵਨਾ ,ਅਨੁਸ਼ਾਸਨ ,ਸਖ਼ਤ ਮੇਹਨਤ, ਸਮਰਪਿਤ  ਅਤੇ ਇਮਾਨਦਾਰੀ ਨਾਲ ਅੱਗੇ ਵਧਣ ਅਤੇ ਵਧੀਆ ਖਿਡਾਰੀ ਬਣਨ ਲਈ ਪ੍ਰੇਰਿਤ ਕਰਦਾ ਹੈ । ਉਨ੍ਹਾਂ ਦੱਸਿਆ ਓਲੰਪਿਕ ਡੇਅ ਦੀ ਅਹਿਮੀਅਤ ਇਹ ਹੈ ਕਿ 23 ਜੂਨ 1894 ਨੂੰ ਨਵੀਨ  ਓਲੰਪਿਕ ਖੇਡਾਂ ਕਰਵਾਉਣ ਦਾ ਐਲਾਨ ਕੀਤਾ ਗਿਆ, ਜੋ ਕਿ  ਪਹਿਲੀਆਂ ਓਲੰਪਿਕ ਖੇਡਾਂ ਸਾਲ 1896 ਵਿਚ ਗਿਰੀਸ਼ ਏਂਥਨਜ਼ ਵਿਖੇ ਕਰਵਾਈਆਂ ਗਈਆਂ ਸਨ  ।  ਉਨ੍ਹਾਂ ਦੱਸਿਆ ਓਲੰਪਿਕ ਡੇਅ ਪਹਿਲੀ ਵਾਰ ਮਨਾਓੁਣ ਦੀ ਸ਼ੁਰੂਆਤ 23 ਜੂਨ 1948 ਤੋਂ ਹੋਈ ।ਉਸ ਵਕਤ ਓਲੰਪਿਕ ਡੇਅ 9 ਮੁਲਕਾਂ ਵਿਚ ਮਨਾਇਆ ਗਿਆ ਸੀ, ਅੱਜ  200 ਸੌ ਦੇ ਕਰੀਬ ਮੁਲਕਾਂ ਦੇ ਵਿਚ  ਮਨਾਇਆ ਜਾ ਰਿਹਾ ਹੈ। ਓਲੰਪਿਕ ਡੇਅ ਦਾ ਮੁੱਖ ਮਕਸਦ ਪੂਰੀ ਦੁਨੀਆਂ ਦੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਖੇਡ ਭਾਵਨਾ ਨਾਲ ਦੁਨੀਆਂ ਨੂੰ ਸਰ ਕਰਨਾ ਹੈ ।
ਇਸ ਮੌਕੇ ਜਰਖੜ ਹਾਕੀ ਅਕੈਡਮੀ ਤੇ ਨਿੱਕੇ ਨਿੱਕੇ ਬੱਚਿਆਂ ਨੇ ਓਲੰਪੀਅਨ ਖਿਡਾਰੀ ਬਣਨ ਦੀ ਆਪਣੀ ਭਾਵਨਾ ਨੂੰ ਜੱਗ ਜ਼ਾਹਰ ਕੀਤਾ। ਇਸ ਮੌਕੇ  ਜਰਖੜ ਹਾਕੀ ਅਕੈਡਮੀ ਬਨਾਮ ਘਵੱਦੀ ਕਲੱਬ ਦੇ ਵਿਚਕਾਰ  ਇਕ ਪ੍ਰਦਰਸ਼ਨੀ ਮੈਚ ਵੀ ਖੇਡਿਆ ਗਿਆ ਜੋ ਕਿ 5-5  ਗੋਲਾਂ ਦੀ ਬਰਾਬਰੀ ਤੇ ਸਮਾਪਤ ਹੋਇਆ।  ਇਸ ਮੌਕੇ ਖੇਡਾਂ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਘਵੱਦੀ ,ਸਾਹਿਬਜੀਤ ਸਿੰਘ ਸਾਬੀ ਜਰਖੜ  , ਕੋਚ ਗੁਰਸਤਿੰਦਰ ਸਿੰਘ ਪਰਗਟ, ਕੋਚ ਗੁਰਤੇਜ ਸਿੰਘ ਬੋਹੜਹਾਈ ਹਰਵਿੰਦਰ ਸਿੰਘ ਘਵੱਦੀ , ਪੰਮਾਂ ਗਰੇਵਾਲ, ਜਰਨੈਲ ਸਿੰਘ ਜਰਖੜ , ਪਰਮਿੰਦਰ ਸਿੰਘ ਟਿੱਬਾ, ਗੁਰਿੰਦਰ ਸਿੰਘ ਗੁਰੀ ਜਰਖੜ, ਲਵਜੀਤ ਸਿੰਘ    ਆਦਿ ਹੋਰ ਪ੍ਰਬੰਧਕ ਅਤੇ ਖਿਡਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ  ।

Share