#INDIA

ਜਬਰ-ਜਨਾਹ ਕੇਸ ‘ਚ ਭਾਜਪਾ ਵਿਧਾਇਕ ਰਾਮਦੁਲਾਰ ਨੂੰ 25 ਸਾਲ ਦੀ ਕੈਦ

-ਵਿਧਾਇਕੀ ਤੋਂ ਅਯੋਗ ਠਹਿਰਾਇਆ ਜਾਣਾ ਤੈਅ
ਸੋਨਭੱਦਰ (ਯੂਪੀ), 15 ਦਸੰਬਰ (ਪੰਜਾਬ ਮੇਲ)- ਸੋਨਭੱਦਰ ਦੀ ਸੰਸਦ ਮੈਂਬਰਾਂ-ਵਿਧਾਇਕਾਂ ਦੀ ਵਿਸ਼ੇਸ਼ ਅਦਾਲਤ ਨੇ ਦੁਧੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਰਾਮਦੁਲਾਰ ਗੋਂਡ ਨੂੰ ਇੱਕ ਨਾਬਾਲਗ ਨਾਲ ਨੌਂ ਸਾਲ ਪੁਰਾਣੇ ਜਬਰ-ਜਨਾਹ ਕੇਸ ਵਿੱਚ ਅੱਜ 25 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਸੰਸਦ ਮੈਂਬਰ-ਵਿਧਾਇਕ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਏਡੀਜੇ) ਅਹਿਸਾਨ ਉੱਲ੍ਹਾ ਖਾਨ ਨੇ ਦੋਸ਼ੀ ਨੂੰ ਦਸ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ। ਇਹ ਰਕਮ ਪੀੜਤਾ ਦੇ ਮੁੜ-ਵਸੇਬੇ ਲਈ ਵਰਤੀ ਜਾਵੇਗੀ। ਇਸ ਦੇ ਨਾਲ ਹੀ ਉਸ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਠਹਿਰਾਇਆ ਜਾਣਾ ਤੈਅ ਹੈ।