#PUNJAB

ਜਦ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ

ਚੰਡੀਗੜ੍ਹ, 26 ਅਪ੍ਰੈਲ (ਪੰਜਾਬ ਮੇਲ)- ਦਸੰਬਰ 1927 ‘ਚ ਮਲੋਟ ਨੇੜਲੇ ਅਬੁਲ ਖੁਰਾਣਾ ਪਿੰਡ ਵਿਚ ਜਨਮੇ ਬਾਦਲ ਲਾਹੌਰ ਦੇ ਫੋਰਮੈਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਟ ਹੋਏ ਸਨ। ਉਨ੍ਹਾਂ ਦੇ ਰਾਜਨੀਤਕ ਸਫ਼ਰ ਵਿਚ ਪਹਿਲਾ ਸਿਆਸੀ ਅਹੁਦਾ ਪਿੰਡ ਬਾਦਲ ਦਾ ਸਰਪੰਚ ਬਣਨਾ ਸੀ। ਮਗਰੋਂ ਉਹ ਬਲਾਕ ਸਮਿਤੀ ਦੇ ਚੇਅਰਮੈਨ ਬਣੇ। ਸੰਨ 1957 ਵਿਚ ਉਨ੍ਹਾਂ ਕਾਂਗਰਸ ਉਮੀਦਵਾਰ ਵਜੋਂ ਮਲੋਟ ਤੋਂ ਵਿਧਾਨ ਸਭਾ ਵਿਚ ਪੈਰ ਧਰਿਆ ਤੇ ਵਿਧਾਇਕ ਬਣੇ। ਇਸ ਤੋਂ ਬਾਅਦ 1969 ਵਿਚ ਉਹ ਅਕਾਲੀ ਦਲ ਦੀ ਟਿਕਟ ‘ਤੇ ਗਿੱਦੜਬਾਹਾ ਤੋਂ ਵਿਧਾਇਕ ਬਣੇ। ਜਦ ਤਤਕਾਲੀ ਮੁੱਖ ਮੰਤਰੀ ਗੁਰਨਾਮ ਸਿੰਘ ਦਲ ਬਦਲੀ ਕਰ ਕੇ ਕਾਂਗਰਸ ਵਿਚ ਚਲੇ ਗਏ, ਤਾਂ ਅਕਾਲੀ ਦਲ ਦਾ ਪੁਨਰਗਠਨ ਹੋਇਆ। ਇਸ ਦੌਰਾਨ 27 ਮਾਰਚ, 1970 ਨੂੰ ਪਾਰਟੀ ਨੇ ਬਾਦਲ ਨੂੰ ਆਪਣਾ ਆਗੂ ਚੁਣ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਜਨ ਸੰਘ ਦੀ ਹਮਾਇਤ ਨਾਲ ਸੂਬੇ ਵਿਚ ਸਰਕਾਰ ਬਣਾਈ। ਉਸ ਵੇਲੇ ਬਾਦਲ ਦੇਸ਼ ਵਿਚ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ ਸਨ। ਹਾਲਾਂਕਿ ਉਹ ਸਰਕਾਰ ਇਕ ਸਾਲ ਤੋਂ ਕੁਝ ਸਮਾਂ ਵੱਧ ਹੀ ਚੱਲੀ। ਪਿਛਲੇ ਸਾਲ ਜਦ ਪਾਰਟੀ ਨੇ ਬਾਦਲ ਨੂੰ ਮੁਕਤਸਰ ਦੇ ਲੰਬੀ ਤੋਂ ਉਮੀਦਵਾਰ ਬਣਾਇਆ ਤਾਂ ਉਹ ਦੇਸ਼ ਵਿਚ ਚੋਣ ਲੜਨ ਵਾਲੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਵੀ ਬਣੇ।

Leave a comment