#INDIA

ਚੰਦਰਯਾਨ ਤੋਂ ਵੱਖ ਹੋਇਆ ਵਿਕਰਮ ਲੈਂਡਰ

ਬੰਗਲੂਰੂ, 18 ਅਗਸਤ (ਪੰਜਾਬ ਮੇਲ)- ਭਾਰਤੀ ਪੁਲਾੜ ਖੋਜ ਸੰਗਠਨ (ੲਿਸਰੋ) ਨੇ ਕਿਹਾ ਹੈ ਕਿ ਚੰਦਰਯਾਨ-3 ਦਾ ਲੈਂਡਰ (ਵਿਕਰਮ) ਪ੍ਰੋਪਲਸ਼ਨ ਮੌਡਿਊਲ ਤੋਂ ਸਫ਼ਲਤਾਪੂਰਬਕ ਵੱਖ ਹੋ ਗਿਆ ਹੈ। ਹੁਣ ਲੈਂਡਰ ਵਿਕਰਮ ਅਤੇ ਰੋਵਰ (ਪ੍ਰਗਿਆਨ) ਚੰਦਰਮਾ ਦੇ ਐਨ ਨੇੜੇ ਪਹੁੰਚਣ ਲਈ ਤਿਆਰ ਹਨ। ਚੰਨ ਦੇ ਦੱਖਣੀ ਧਰੁੱਵ ’ਤੇ ਸਾਫ਼ਟ ਲੈਂਡਿੰਗ 23 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ। ਇਸਰੋ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਲਿਖਿਆ,‘‘ਲੈਂਡਰ ਮੌਡਿਊਲ ਨੇ ਕਿਹਾ, ਸਫ਼ਰ ਲਈ ਧੰਨਵਾਦ ਦੋਸਤ। ਲੈਂਡਰ ਮੌਡਿਊਲ ਪ੍ਰੋਪਲਸ਼ਨ ਮੌਡਿਊਲ ਤੋਂ ਸਫ਼ਲਤਾਪੂਰਬਕ ਵੱਖ ਹੋ ਗਿਆ ਹੈ। ਲੈਂਡਰ ਮੌਡਿਊਲ ਦੇ ਭਾਰਤੀ ਸਮੇਂ ਮੁਤਾਬਕ ਕਰੀਬ ਚਾਰ ਵਜੇ ਡੀਬੂਸਟਿੰਗ (ਹੌਲੀ ਕਰਨ ਦੀ ਪ੍ਰਕਿਰਿਆ) ਤੋਂ ਗੁਜ਼ਰਦਿਆਂ ਚੰਦਰਮਾ ਦੀ ਥੋੜੇ ਹੇਠਲੇ ਪੰਧ ’ਚ ਉਤਰਨ ਦੀ ਸੰਭਾਵਨਾ ਹੈ।’’ ਪੁਲਾੜ ਏਜੰਸੀ ਨੇ ਕਿਹਾ ਕਿ ਪ੍ਰੋਪਲਸ਼ਨ ਮੌਡਿਊਲ ਪੰਧ ’ਤੇ ਮਹੀਨਿਆਂ/ਸਾਲਾਂ ਦਾ ਸਫ਼ਰ ਜਾਰੀ ਰੱਖੇਗਾ। ਚੰਦਰਯਾਨ-3 ਪਿਛਲੇ ਮਹੀਨੇ 14 ਜੁਲਾਈ ਨੂੰ ਉਡਾਣ ਭਰਨ ਮਗਰੋਂ 5 ਅਗਸਤ ਨੂੰ ਚੰਦਰਮਾ ਦੇ ਪੰਧ ’ਚ ਦਾਖ਼ਲ ਹੋਇਆ ਸੀ। ਇਸ ਮਗਰੋਂ ਉਹ 6, 9 ਅਤੇ 14 ਅਗਸਤ ਨੂੰ ਚੰਦਰਮਾ ਦੇ ਅਗਲੇ ਪੰਧਾਂ ’ਚ ਦਾਖ਼ਲ ਹੋਇਆ ਸੀ ਅਤੇ ਫਿਰ ਉਹ ਉਸ ਦੇ ਹੋਰ ਨੇੜੇ ਪਹੁੰਚਦਾ ਗਿਆ। ਜਿਵੇਂ ਜਿਵੇਂ ਮਿਸ਼ਨ ਅੱਗੇ ਵਧਦਾ ਗਿਆ ਅਤੇ ਇਸਰੋ ਨੇ ਚੰਦਰਯਾਨ-3 ਦੇ ਪੰਧ ਨੂੰ ਹੌਲੀ-ਹੌਲੀ ਘਟਾਉਣ ਅਤੇ ਉਸ ਨੂੰ ਚੰਦਰਮਾ ਦੇ ਧਰੁਵ ਬਿੰਦੂਆਂ ’ਤੇ ਤਾਇਨਾਤ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ। ਚੰਦਰਯਾਨ-1 ਦੇ ਪ੍ਰਾਜਕੈਟ ਡਾਇਰੈਕਟਰ ਐੱਮ ਅੰਨਾਦੁਰਾਈ ਨੇ ਕਿਹਾ ਕਿ ਇਹ ਬਹੁਤ ਵੱਡਾ ਪਲ ਹੈ ਅਤੇ ਇਥੋਂ ਪਤਾ ਲੱਗੇਗਾ ਕਿ ਲੈਂਡਰ ਕਿੰਨਾ ਵਧੀਆ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਜੇ ਸ਼ੁਰੂਆਤ ਹੈ ਅਤੇ ਅਸਲ ਕੰਮ ਹੁਣ ਸ਼ੁਰੂ ਹੋਵੇਗਾ। ‘ਅਸਲੀ ਮੈਚ ਹੁਣ ਸ਼ੁਰੂ ਹੋਵੇਗਾ ਅਤੇ ਇਹ ਫਾਈਨਲ ਓਵਰ ਹਨ। ਇਹ ਬਹੁਤ ਵੱਡਾ ਪਲ ਹੈ। ਪੂਰੀ ਦੁਨੀਆ ਦੀ ਨਜ਼ਰ ਵਿਕਰਮ ਅਤੇ ਪ੍ਰਗਿਆਨ ’ਤੇ ਲੱਗੀਆਂ ਹੋਈਆਂ ਹਨ।’ ਜੇਕਰ ਲੈਂਡਰ ਚੰਦਰਮਾ ’ਤੇ ਸਫ਼ਲਤਾਪੂਰਬਕ ਉਤਰ ਗਿਆ ਤਾਂ ਚੰਦਰਯਾਨ-3 ਦਾ ਮਿਸ਼ਨ ਸਫ਼ਲ ਰਹੇਗਾ ਜਿਸ ਦਾ ਮੁੱਖ ਉਦੇਸ਼ ਚੰਦਰਮਾ ’ਤੇ ਕੁਝ ਵਿਗਿਆਨਕ ਤਜਰਬੇ ਕਰਨਾ ਹੈ

Leave a comment