#AMERICA

ਚੋਣ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਦਾ ਮਾਮਲਾ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦਾ ਸਹਿਯੋਗੀ ਰੂਡੀ ਗਿਲਿਆਨੀ ਗ੍ਰਿਫਤਾਰ ਤੇ ਰਿਹਾਅ , ਦੋਸ਼ ਤੈਅ

ਸੈਕਰਾਮੈਂਟੋ, ਕੈਲੀਫੋਰਨੀਆ, 25 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਤਤਕਾਲ ਚੋਣ ਮੁਹਿੰਮ ਵਕੀਲ ਰੂਡੀ ਗਿਲਿਆਨੀ ਨੇ ਫੁਲਟੋਨ ਕਾਊਂਟੀ ਜਾਰਜੀਆ ਜੇਲ ਵਿਚ ਆਤਮ ਸਮਰਪਣ ਕਰ ਦਿੱਤਾ ਜਿਥੇ ਉਸ ਨੂੰ ਗ੍ਰਿਫਤਾਰ ਕਰਨ ਉਪਰੰਤ 1,50,000 ਡਾਲਰ ਦੇ ਬਾਂਡ ‘ਤੇ ਰਿਹਾਅ ਕਰ ਦਿੱਤਾ। ਰਿਹਾਈ ਤੋਂ ਪਹਿਲਾਂ ਉਸ ਵਿਰੁੱਧ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਉਲਟਾਉਣ ਦੀ ਕੋਸ਼ਿਸ਼ ਲਈ 13 ਦੋਸ਼ ਆਇਦ ਕੀਤੇ ਗਏ। ਸਾਬਕਾ ਰਾਸ਼ਟਰਪਤੀ ਟਰੰਪ ਸਮੇਤ ਗਿਲਿਆਨੀ ਉਨਾਂ 19 ਵਿਅਕਤੀਆਂ ਵਿਚ ਸ਼ਾਮਿਲ ਹੈ ਜਿਨਾਂ ਨੂੰ ਗਰੈਂਡ ਜਿਊਰੀ ਜਾਰਜੀਆ ਨੇ ਚੋਣ ਨਤੀਜੇ ਉਲਟਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਟਰੰਪ ਵੱਲੋਂ ਅੱਜ ਆਪਣੇ ਆਪ ਨੂੰ ਫੁਲਟੋਨ ਕਾਊਂਟੀ ਜਾਰਜੀਆ ਜੇਲ ਵਿਚ ਗ੍ਰਿਫਤਾਰੀ ਲਈ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਦੇ ਮੱਦੇਨਜਰ ਜੇਲ ਦੇ ਬਾਹਰ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਜੇਲ ਤੋਂ ਬਾਹਰ ਗਿਲਿਆਨੀ ਨੇ ਕਿਹਾ ਕਿ ਉਸ ਵਿਰੁੱਧ ਦੋਸ਼ ਪੱਤਰ ਫੋਕਾ ਹੈ। ਉਨਾਂ ਕਿਹਾ ਕਿ ਇਹ ਨਾ ਕੇਵਲ ਮੈਨੂੰ ਨਿਸ਼ਾਨਾ ਬਣਾਇਆ ਗਿਆ ਬਲਕਿ ਇਹ ਅਮਰੀਕੀ ਲੋਕਾਂ ਉਪਰ ਹਮਲਾ ਹੈ। ਗਿਲਿਆਨੀ ਨੇ ਕਿਹਾ ਕਿ ਉਨਾਂ ਨੇ ਬੀਤੇ ਦਿਨ ਟਰੰਪ ਨਾਲ ਗੱਲ ਕੀਤੀ ਸੀ ਤੇ ਅੱਜ ਵੀ ਕਰਨਗੇ। ਮੈ ਉਨਾਂ ਦਾ ਸ਼ੁੱਭ ਚਿੰਤਕ ਹਾਂ ਤੇ ਮੈਨੂੰ ਉਨਾਂ ਉਪਰ ਹਰ ਭਰੋਸਾ ਹੈ। ਉਨਾਂ ਕਿਹਾ ਸੱਤਾਧਾਰੀ ਜੋ ਕਰ ਰਹੇ ਹਨ, ਉਹ ਅਮਰੀਕੀ ਸਵਿਧਾਨ ਉਪਰ ਹਮਲਾ ਹੈ। ਉਨਾਂ ਕਿਹਾ ”ਮੈ ਅਮਰੀਕੀ ਸ਼ਹਿਰੀਆਂ ਨੂੰ ਕਹਿਣਾ ਚਹੁੰਦਾ ਹਾਂ ਕਿ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਅਜਿਹਾ ਤੁਹਾਡੇ ਨਾਲ ਵੀ ਵਾਪਰ ਸਕਦਾ ਹੈ। ਤੁਹਾਨੂੰ ਇਹ ਰੋਕਣਾ ਪਵੇਗਾ।” ਇਥੇ ਜਿਕਰਯੋਗ ਹੈ ਕਿ ਗਿਲਿਆਨੀ 1994 ਤੋਂ 2001 ਤੱਕ ਨਿਊ ਯਾਰਕ ਸ਼ਹਿਰ ਦੇ ਮੇਅਰ ਰਹੇ ਹਨ। ਗਿਲਿਆਨੀ ਦੇ ਪੇਸ਼ ਹੋਣ ਮੌਕੇ ਜੇਲ ਦੇ ਬਾਹਰ ਥੋੜੀ ਗਿਣਤੀ ਵਿਚ ਹੀ ਲੋਕ ਮੌਜੂਦ ਸਨ ਜਿਨਾਂ ਵਿਚ ਸਾਬਕਾ ਰਾਸ਼ਟਰਪਤੀ ਟਰੰਪ ਦੇ ਸਮਰਥਕ ਤੇ ਉਨਾਂ ਦੇ ਵਿਰੋਧੀ ਵੀ ਸ਼ਾਮਿਲ ਸਨ।

Leave a comment