– ਵਿਰੋਧੀ ਉਮੀਦਵਾਰ ਨੂੰ ਇਕਜੁੱਟ ਡੈਮੋਕਰੈਟਿਕਾਂ ਨੇ 2020 ‘ਚ ਹਰਾਇਆ ਸੀ ਤੇ ਹੁਣ ਵੀ ਹਰਾਂਵਾਂਗੇ
ਸੈਕਰਾਮੈਂਟੋ, 8 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੋਣ ਮੁਹਿੰਮ ਸਟਾਫ ਨੂੰ ਮੁੜ ਯਕੀਨ ਦਵਾਇਆ ਹੈ ਕਿ ਉਹ 2024 ਦੀਆਂ ਚੋਣਾਂ ‘ਚ ਡੈਮੋਕਰੈਟਿਕ ਉਮੀਦਵਾਰ ਹੋਣਗੇ ਤੇ ਆਪਣੇ ਵਿਰੋਧੀ ਉਮੀਦਵਾਰ ਨੂੰ 2020 ਵਾਂਗ ਹਰਾਉਣਗੇ। ਉਨ੍ਹਾਂ ਨੇ ਇਕ ਕਾਨਫਰੰਸ ਕਾਲ ਰਾਹੀਂ ਆਪਣੀ ਟੀਮ ਨੂੰ ਸਪੱਸ਼ਟ ਕੀਤਾ ਕਿ ਉਹ ਮੁਕਾਬਲੇ ਵਿਚੋਂ ਹਟ ਨਹੀਂ ਰਹੇ ਤੇ ਸਮੁੱਚੀ ਟੀਮ ਇਕਜੁੱਟ ਹੋ ਕੇ ਚੋਣ ਲੜੇ। ਰਾਸ਼ਟਰਪਤੀ ਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੋਨਾਂ ਨੇ ਇਕੱਠਿਆਂ ਪਿਛਲੇ ਹਫਤੇ ਡੋਨਲਡ ਟਰੰਪ ਨਾਲ ਬਹਿਸ ਤੋਂ ਬਾਅਦ 81 ਸਾਲਾ ਬਾਇਡਨ ਉਪਰ ਬਣੇ ਦਬਾਅ ਨੂੰ ਖਤਮ ਕਰਨ ਲਈ ‘ਆਲ-ਸਟਾਫ ਕੰਪੇਨ ਕਾਲ’ ਰਾਹੀਂ ਆਪਣੀ ਟੀਮ ਤੇ ਪਾਰਟੀ ਸਮਰਥਕਾਂ ਵਿਚ ਉਤਸ਼ਾਹ ਭਰਨ ਦੀ ਕੋਸ਼ਿਸ਼ ਕੀਤੀ। ਬਾਇਡਨ ਨੇ ਕਿਹਾ ”ਪਿਛਲੇ ਕੁਝ ਦਿਨ ਮੁਸ਼ਕਿਲ ਭਰੇ ਰਹੇ ਹਨ। ਮੈਨੂੰ ਯਕੀਨ ਹੈ ਕਿ ਤੁਹਾਨੂੰ ਕੁਝ ਫੋਨ ਆਏ ਹੋਣਗੇ ਤੇ ਮੈਨੂੰ ਇਹ ਵੀ ਯਕੀਨ ਹੈ ਕਿ ਤੁਹਾਡੇ ਵਿਚੋਂ ਬਹੁਤ ਸਾਰਿਆਂ ਨੇ ਸਵਾਲ ਖੜ੍ਹੇ ਕੀਤੇ ਹੋਣਗੇ। ਮੈ ਸੰਭਾਵੀ ਹੱਦ ਤੱਕ ਸਿੱਧੇ ਤੌਰ ‘ਤੇ ਸਪੱਸ਼ਟ ਕਰ ਰਿਹਾ ਹਾਂ ਕਿ ਮੈ ਚੋਣ ਲੜ ਰਿਹਾ ਹਾਂ।” ਉਨ੍ਹਾਂ ਕਿਹਾ ”ਮੈਂ ਡੈਮੋਕਰੈਟਿਕ ਪਾਰਟੀ ਦਾ ਨਾਮਜ਼ਦ ਉਮੀਦਵਾਰ ਹਾਂ। ਕੋਈ ਵੀ ਮੈਨੂੰ ਹਟਣ ਲਈ ਨਹੀਂ ਕਹਿ ਰਿਹਾ ਤੇ ਮੈਂ ਹਟ ਨਹੀਂ ਰਿਹਾ। ਮੈਂ ਅੰਤ ਤੱਕ ਮੁਕਾਬਲਾ ਲੜਾਂਗਾ ਤੇ ਅਸੀਂ ਇਹ ਚੋਣ ਜਿੱਤਣ ਜਾ ਰਹੇ ਹਾਂ ਕਿਉਂਕਿ ਜਦੋਂ ਵੀ ਡੈਮੋਕਰੈਟਿਕ ਇਕਜੁੱਟ ਹੋਏ ਹਨ, ਤਾਂ ਅਸੀਂ ਹਮੇਸ਼ਾਂ ਜਿੱਤੇ ਹਾਂ।” ਸਮਝਿਆ ਜਾਂਦਾ ਹੈ ਕਿ ਰਿਪਬਲੀਕਨ ਨਾਮਜ਼ਦ ਉਮੀਦਵਾਰ ਡੋਨਲਡ ਟਰੰਪ ਨਾਲ ਬਹਿਸ ਦੌਰਾਨ ਬਾਇਡਨ ਨੂੰ ਆਪਣੀ ਗੱਲ ਪੂਰੀ ਕਰਨ ਵਿਚ ਮੁਸ਼ਕਿਲ ਆਈ ਤੇ ਉਨ੍ਹਾਂ ਨੇ ਕੁਝ ਮੁੱਦਿਆਂ ‘ਤੇ ਰਲਗੱਡ ਵਿਚਾਰੇ ਪੇਸ਼ ਕੀਤੇ, ਜਿਸ ਉਪਰੰਤ ਵਧਦੀ ਉਮਰ ਦੇ ਮੱਦੇਨਜ਼ਰ ਬਾਇਡਨ ਦੇ ਮੁਕਾਬਲੇ ਵਿਚੋਂ ਹੱਟ ਜਾਣ ਦਾ ਮੁੱਦਾ ਉਠਿਆ ਹੈ। ਫਿਲਹਾਲ ਬਾਇਡਨ ਚੁਸਤ ਤੇ ਤੰਦਰੁਸਤ ਨਜ਼ਰ ਆ ਰਹੇ ਹਨ ਤੇ ਉਹ ਇਸ ਤੋਂ ਪਹਿਲਾਂ ਵੀ ਸਾਫ ਕਰ ਚੁੱਕੇ ਹਨ ਕਿ ਉਹ ਪੂਰੀ ਤਾਕਤ ਨਾਲ ਮੁਕਾਬਲਾ ਲੜਣਗੇ। ਕਾਨਫਰੰਸ ਕਾਲ ਰਾਹੀਂ ਉਨ੍ਹਾਂ ਨੇ ਆਪਣੀ ਗੱਲ ਇਨ੍ਹਾਂ ਸ਼ਬਦਾਂ ਨਾਲ ਖਤਮ ਕੀਤੀ, ”ਆਓ ਚੋਣ ਜਿਤੀਏ”।