#Featured

ਚੀਨ ਵੱਲੋਂ ਅਰੁਣਾਚਲ ‘ਤੇ ਦਾਅਵਾ ਜਤਾਉਣ ਲਈ ਚੀਨੀ ਨਾਵਾਂ ਦੀ ਤੀਜੀ ਸੂਚੀ ਜਾਰੀ

-11 ਥਾਵਾਂ ਦੇ ਬਦਲੇ ਨਾਂ
ਬੀਜਿੰਗ, 4 ਅਪ੍ਰੈਲ (ਪੰਜਾਬ ਮੇਲ)- ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਭਾਰਤ ਨਾਲ ਚੀਨ ਦਾ ਵਿਵਾਦ ਇਕ ਵਾਰ ਫਿਰ ਵਧ ਗਿਆ ਹੈ। ਭਾਰਤ ਦੇ ਇਸ ਹਿੱਸੇ ‘ਤੇ ਆਪਣਾ ਦਾਅਵਾ ਜਤਾਉਣ ਲਈ ਇਸ ਨੇ 3 ਭਾਸ਼ਾਵਾਂ ਚੀਨੀ, ਤਿੱਬਤੀ ਅਤੇ ਪਿਨਯਿਨ ‘ਚ ਨਾਵਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ 2 ਮੈਦਾਨੀ ਖੇਤਰ, 2 ਰਿਹਾਇਸ਼ੀ ਖੇਤਰ, 5 ਪਹਾੜੀਆਂ ਅਤੇ 2 ਨਦੀਆਂ ਸ਼ਾਮਲ ਹਨ।
ਦਰਅਸਲ, ਇਹ ਤੀਜੀ ਵਾਰ ਹੈ ਜਦੋਂ ਚੀਨ ਨੇ ਅਪ੍ਰੈਲ, 2017 ਅਤੇ ਦਸੰਬਰ, 2021 ਵਿਚ ਅਰੁਣਾਚਲ ਪ੍ਰਦੇਸ਼ ਵਿਚ ਸਥਾਨਾਂ ਦੇ ਨਾਂ ਇਕਤਰਫਾ ਬਦਲੇ ਹਨ। ਇਸ ਵਿਚ 2017 ਵਿਚ 6 ਥਾਵਾਂ ਅਤੇ 2021 ਵਿਚ 15 ਥਾਵਾਂ ਦੇ ਨਾਂ ਬਦਲੇ ਗਏ ਸਨ। ਹੁਣ ਤੀਜੀ ਸੂਚੀ ਵਿਚ 11 ਥਾਵਾਂ ਦੇ ਨਾਂ ਬਦਲੇ ਗਏ ਹਨ।
ਹਾਲਾਂਕਿ ਭਾਰਤ ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਂ ਬਦਲਣ ਦੇ ਚੀਨ ਦੇ ਕਦਮ ਨੂੰ ਰੱਦ ਕਰ ਚੁੱਕਾ ਹੈ। ਭਾਰਤੀ ਪੱਖ ਤੋਂ ਹਮੇਸ਼ਾ ਇਹ ਕਿਹਾ ਜਾਂਦਾ ਰਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਤੇ ਰਹੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦਸੰਬਰ 2021 ਵਿਚ ਕਿਹਾ ਸੀ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਚੀਨ ਨੇ ਇਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਵਿਚ ਥਾਵਾਂ ਦੇ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ।

Leave a comment