#OTHERS

ਚੀਨ ਵੱਲੋਂ ਅਮਰੀਕੀ ਤੇ ਏਸ਼ੀਆ ਆਧਾਰਿਤ ਸੰਸਥਾਵਾਂ ‘ਤੇ ਪਾਬੰਦੀ

ਪੇਈਚਿੰਗ, 8 ਅਪ੍ਰੈਲ (ਪੰਜਾਬ ਮੇਲ)- ਚੀਨ ਨੇ ਅਮਰੀਕੀ ਪ੍ਰਤੀਨਿਧ ਸਭਾ ਦੇ ਸਪੀਕਰ ਕੇਵਿਨ ਮੈਕਾਰਥੀ ਤੇ ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਵਿਚਾਲੇ ਇਸ ਹਫ਼ਤੇ ਹੋਈ ਅਹਿਮ ਮੀਟਿੰਗ ਦੇ ਵਿਰੋਧ ਵਿਚ ‘ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ’ ਅਤੇ ਹੋਰ ਅਮਰੀਕੀ ਤੇ ਏਸ਼ੀਆ ਆਧਾਰਿਤ ਸੰਸਥਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਕ ਦਿਨ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਸੀ ਕਿ ਇਹ ਇਕ ‘ਖਿਆਲੀ ਪੁਲਾਓ’ ਹੈ ਕਿ ਪੇਈਚਿੰਗ ਤਾਇਵਾਨ ਨੂੰ ਲੈ ਕੇ ਆਪਣੇ ਰੁਖ਼ ‘ਤੇ ਸਮਝੌਤਾ ਕਰੇਗਾ। ਚੀਨ ਦੇ ਸਖ਼ਤ ਵਿਰੋਧ ਦੇ ਬਾਵਜੂਦ ਮੈਕਾਰਥੀ ਨਾਲ ਸਾਈ ਇੰਗ-ਵੇਨ ਦੀ ਮੀਟਿੰਗ ਵੀਰਵਾਰ ਨੂੰ ਹੋਈ। ਤਾਇਵਾਨ ਤੇ ਵਿਦੇਸ਼ੀ ਸਰਕਾਰਾਂ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਰਸਮੀ ਗੱਲਬਾਤ ਨੂੰ ਚੀਨ ਤਾਇਵਾਨ ਦੀ ਧਰਤੀ ‘ਤੇ ਪੇਈਚਿੰਗ ਦੇ ਦਾਅਵਿਆਂ ਦੇ ਖ਼ਿਲਾਫ਼ ਮੰਨਦਾ ਹੈ। ਕੈਲੀਫੋਰਨੀਆ ਦੀ ਸਿਮੀ ਵੈਲੀ ਵਿਚ ‘ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ’ ਉਹ ਸਥਾਨ ਹੈ, ਜਿੱਥੇ ਸਾਈ ਨੇ ਮੈਕਾਰਥੀ ਅਤੇ ਸੰਸਦੀ ਆਗੂਆਂ ਦੇ ਇਕ ਦੋ ਧਿਰੀ ਸਮੂਹ ਨਾਲ ਮੁਲਾਕਾਤ ਕੀਤੀ ਸੀ। ਇਹ ਅਮਰੀਕੀ ਅਧਿਕਾਰੀਆਂ ਤੇ ਤਾਇਵਾਨ ਦੀ ਰਾਸ਼ਟਰਪਤੀ ਵਿਚਾਲੇ ਦੂਜੀ ਉੱਚ ਪੱਧਰੀ ਮੀਟਿੰਗ ਸੀ। ਚੀਨ ਨੇ ਹਡਸਨ ਇੰਸਟੀਚਿਊਟ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਜਿਸ ਨੇ ਇਕ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਸੀ ਅਤੇ 30 ਮਾਰਚ ਨੂੰ ਸਾਈ ਨੂੰ ਆਲਮੀ ਅਗਵਾਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਪਾਬੰਦੀ ਵਾਲੇ ਸਮੂਹਾਂ ਵਿਚ ਤਾਇਵਾਨ ਦੀ ਆਜ਼ਾਦੀ ਨੂੰ ਬੜ੍ਹਾਵਾ ਦੇਣ ‘ਚ ਉਨ੍ਹਾਂ ਦੀ ਭਾਗੀਦਾਰੀ ਲਈ ਏਸ਼ੀਆ ਆਧਾਰਿਤ ਸਮੂਹ ‘ਦਿ ਪ੍ਰਾਸਪੈਕਟ ਫਾਊਂਡੇਸ਼ਨ’ ਅਤੇ ‘ਕੌਂਸਲ ਆਫ਼ ਏਸ਼ੀਅਨ ਲਿਬਰਲਜ਼ ਐਂਡ ਡੈਮੋਕਰੈਟਸ’ ਵੀ ਸ਼ਾਮਲ ਹਨ।

Leave a comment