ਤੇਈਪਈ (ਤਾਇਵਾਨ), 13 ਜੁਲਾਈ (ਪੰਜਾਬ ਮੇਲ)- ਚੀਨ ਨੇ ਪਿਛਲੇ ਦੋ ਦਿਨਾਂ ਵਿਚ ਜਲ ਸੈਨਾ ਦੇ ਜਹਾਜ਼, ਜੰਗੀ ਜਹਾਜ਼ ਤੇ ਬੰਬ ਸੁੱਟਣ ਵਾਲੇ ਜਹਾਜ਼ਾਂ ਸਣੇ ਲੜਾਕੂ ਜਹਾਜ਼ਾਂ ਦਾ ਇਕ ਵੱਡਾ ਸਮੂਹ ਤਾਇਵਾਨ ਵੱਲ ਭੇਜਿਆ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਮੰਗਲਵਾਰ ਸਵੇਰੇ 6 ਵਜੇ ਤੋਂ ਬੁੱਧਵਾਰ ਸਵੇਰੇ 6 ਵਜੇ ਵਿਚਾਲੇ ਤਾਇਵਾਨ ਦੇ ਆਸ-ਪਾਸ 38 ਜੰਗੀ ਜਹਾਜ਼ ਅਤੇ ਜਲ ਸੈਨਾ ਦੇ ਨੌਂ ਜਹਾਜ਼ ਭੇਜੇ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰ ਤੋਂ ਦੁਪਹਿਰ ਤੱਕ ਸੈਨਾ ਨੇ ਉੱਥੇ 30 ਹੋਰ ਜਹਾਜ਼ ਭੇਜੇ, ਜਿਨ੍ਹਾਂ ਵਿਚ ਜੇ-10 ਤੇ ਜੇ-16 ਜੰਗੀ ਜਹਾਜ਼ ਵੀ ਸ਼ਾਮਲ ਸਨ। ਤਾਇਵਾਨ ਇਸ ਮਹੀਨੇ ਦੇ ਅਖ਼ੀਰ ਵਿਚ ਸਾਲਾਨਾ ਹਾਨ ਗੁਆਂਗ ਅਭਿਆਸ ਕਰੇਗਾ, ਜਿਸ ਵਿਚ ਉਸ ਦੀ ਸੈਨਾ ਹਮਲੇ ਰੋਕਣ ਲਈ ਜੰਗੀ ਮਸ਼ਕਾਂ ਕਰੇਗੀ। ਇਸ ਤੋਂ ਇਲਾਵਾ ਤਾਇਵਾਨ ਸਾਲਾਨਾ ਵਾਨਆਨ ਅਭਿਆਸ ਵੀ ਕਰੇਗਾ ਜਿਸ ਦਾ ਮਕਸਦ ਨਾਗਰਿਕਾਂ ਨੂੰ ਕੁਦਰਤੀ ਆਫਤਾਂ ਲਈ ਤਿਆਰ ਕਰਨਾ ਅਤੇ ਹਵਾਈ ਹਮਲੇ ਦੀ ਸਥਿਤੀ ਵਿਚ ਨਿਕਾਸੀ ਦਾ ਅਭਿਆਸ ਕਰਨਾ ਸ਼ਾਮਲ ਹੈ।
ਚੀਨ ਲਗਾਤਾਰ ਸਵੈ-ਸ਼ਾਸਿਤ ਤਾਇਵਾਨ ਨੂੰ ਆਪਣਾ ਖੇਤਰ ਹੋਣ ਦਾ ਦਾਅਵਾ ਕਰਦਾ ਰਿਹਾ ਹੈ। ਹਾਲ ਦੇ ਸਾਲਾਂ ਵਿਚ ਚੀਨ ਵੱਲੋਂ ਤਾਇਵਾਨ ਵੱਲ ਭੇਜੇ ਜਾਣ ਵਾਲੇ ਫ਼ੌਜੀ ਜਹਾਜ਼ਾਂ ਦੀ ਗਿਣਤੀ ਵਿਚ ਵਾਧੇ ਤੋਂ ਬਾਅਦ ਤਾਇਵਾਨ ‘ਚ ਇਸ ਦਾ ਸਿਆਸੀ ਵਿਰੋਧ ਹੋ ਰਿਹਾ ਹੈ ਜਿਸ ‘ਤੇ ਚੀਨ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਲੰਘੇ ਕੁਝ ਸਾਲਾਂ ਵਿਚ ਚੀਨ ਨੇ ਤਾਇਵਾਨ ਦੇ ਪਾਣੀਆਂ ਦੇ ਆਸ-ਪਾਸ ਦਾ ਗੇੜਾ ਲਾਉਣ ਲਈ ਆਪਣੇ ਜਲ ਸੈਨਾ ਦੇ ਜਹਾਜ਼ਾਂ ਦੇ ਨਾਲ-ਨਾਲ ਡਰੋਨ ਭੇਜਣੇ ਵੀ ਸ਼ੁਰੂ ਕਰ ਦਿੱਤੇ ਹਨ। ਮੰਗਲਵਾਰ ਤੇ ਬੁੱਧਵਾਰ ਨੂੰ ਵੀ ਪੀਪਲਜ਼ ਲਬਿਰੇਸ਼ਨ ਆਰਮੀ ਨੇ ਦੱਖਣੀ ਤਾਇਵਾਨ ਵੱਲ ਵੱਡੀ ਗਿਣਤੀ ਵਿਚ ਬੰਬ ਡੇਗਣ ਵਾਲੇ ਐੱਚ-6 ਜਹਾਜ਼ ਭੇਜੇ।