#INDIA

ਚੀਨ ਦੇ ਰੱਖਿਆ ਮੰਤਰੀ ਵੱਲੋਂ ਭਾਰਤੀ ਹਮਰੁਤਬਾ ਰਾਜਨਾਥ ਨਾਲ ਦਿੱਲੀ ਵਿਚ ਮੁਲਾਕਾਤ;

ਭਾਰਤ-ਚੀਨ ਦੀ ਸਰਹੱਦੀ ਸਥਿਤੀ ‘ਆਮ ਤੌਰ ‘ਤੇ ਸਥਿਰ’: ਜਨਰਲ ਲੀ
ਨਵੀਂ ਦਿੱਲੀ/ਪੇਈਚਿੰਗ, 28 ਅਪ੍ਰੈਲ (ਪੰਜਾਬ ਮੇਲ)- ਭਾਰਤ ਵੱਲੋਂ ਚੀਨ ਨੂੰ ਇਹ ਕਹਿਣ ਕਿ ਸਰਹੱਦੀ ਸਮਝੌਤਿਆਂ ਦੀ ਉਲੰਘਣਾ ਕਾਰਨ ਦੁਵੱਲੇ ਰਿਸ਼ਤਿਆਂ ਦੀ ਬੁਨਿਆਦ ‘ਨੁਕਸਾਨੀ’ ਗਈ ਹੈ, ਤੋਂ ਬਾਅਦ ਅੱਜ ਚੀਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਸਰਹੱਦ ਉਤੇ ਸਥਿਤੀ ‘ਆਮ ਤੌਰ ‘ਤੇ ਸਥਿਰ ਹੈ’। ਦੋਵਾਂ ਧਿਰਾਂ ਨੂੰ ਸਰਹੱਦੀ ਮੁੱਦੇ ਨੂੰ ‘ਢੁੱਕਵੀਂ ਥਾਂ’ ਰੱਖ ਸੀਮਾ ਦੀ ਸਥਿਤੀ ਦੇ ‘ਆਮ ਪ੍ਰਬੰਧਨ’ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਐੱਸ.ਸੀ.ਓ. (ਸ਼ੰਘਾਈ ਸਹਿਯੋਗ ਸੰਗਠਨ) ਦੀ ਮੀਟਿੰਗ ਵਿਚ ਹਿੱਸਾ ਲੈਣ ਦਿੱਲੀ ਆਏ ਚੀਨ ਦੇ ਰੱਖਿਆ ਮੰਤਰੀ ਜਨਰਲ ਲੀ ਸ਼ਾਂਗਫੂ ਨੇ ਅੱਜ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਕਰੀਬ 45 ਮਿੰਟ ਤੱਕ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਮੰਤਰੀਆਂ ਨੇ ਮਈ 2020 ਤੋਂ ਪੂਰਬੀ ਲੱਦਾਖ ਖੇਤਰ ਵਿਚ ਬਣੇ ਟਕਰਾਅ ਉਤੇ ਚਰਚਾ ਕੀਤੀ। ਬੈਠਕ ਵਿਚ ਰਾਜਨਾਥ ਨੇ ਲੀ ਨੂੰ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਸਾਰੇ ਮੁੱਦਿਆਂ ਦਾ ਹੱਲ ਮੌਜੂਦਾ ਦੁਵੱਲੇ ਸਮਝੌਤਿਆਂ ਮੁਤਾਬਕ ਹੀ ਕੱਢਿਆ ਜਾਣਾ ਚਾਹੀਦਾ ਹੈ।

Leave a comment