-ਹਰਿਮੰਦਰ ਸਾਹਿਬ ਕੰਪਲੈਕਸ ‘ਚ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ
ਅੰਮ੍ਰਿਤਸਰ, 7 ਜੂਨ (ਪੰਜਾਬ ਮੇਲ)- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ‘ਚ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ‘ਚ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂਅ ਖਾਸ ਸੰਦੇਸ਼ ਦਿੱਤਾ। ਉਨ੍ਹਾਂ ਆਖਿਆ ਕਿ ਸਾਕਾ ਨੀਲਾ ਤਾਰਾ ਅਤੇ ਹੋਰ ਹਮਲਿਆਂ ਦਾ ਨਿਆਂ ਹੁਕਮਰਾਨਾਂ ਕੋਲੋਂ ਮੰਗਣ ਦੀ ਲੋੜ ਨਹੀਂ, ਸਗੋਂ ਸ੍ਰੀ ਅਕਾਲ ਤਖ਼ਤ ਦੀ ਅਗਵਾਈ ਹੇਠ ਸਮੁੱਚੀ ਸਿੱਖ ਸ਼ਕਤੀ ਇਕਜੁੱਟ ਹੋਵੇ, ਜਿਸ ਅੱਗੇ ਸਰਕਾਰਾਂ ਖੁਦ ਝੁਕਣ ਵਾਸਤੇ ਮਜਬੂਰ ਹੋਣਗੀਆਂ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਪੰਥ ਨੂੰ ਇੱਕਜੁਟ ਹੋਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਨੂੰ ਸਿੱਖ ਕਦੇ ਨਹੀਂ ਭੁੱਲ ਸਕਦੇ। ਇਹ ਘੱਲੂਘਾਰਾ ਸਿੱਖਾਂ ਦੇ ਦਿਲ ‘ਤੇ ਲੱਗੇ ਗਹਿਰੇ ਜ਼ਖ਼ਮ ਹਨ। ਉਨ੍ਹਾਂ ਸਮੇਂ ਦੀਆਂ ਸਰਕਾਰਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ 1984 ਦਾ ਘੱਲੂਘਾਰਾ ਸਿੱਖਾਂ ਦੀ ਕਮਜ਼ੋਰੀ ਨਹੀਂ ਹੈ, ਬਲਕਿ ਇਸ ਨੂੰ ਯਾਦ ਕਰ ਕੇ ਕੌਮ ਹੋਰ ਮਜ਼ਬੂਤ ਹੁੰਦੀ ਹੈ।
ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਨੂੰ ਆਖਿਆ ਕਿ ਇਕੱਠੇ ਹੋ ਕੇ ਪਿੰਡਾਂ ਵੱਲ ਪ੍ਰਚਾਰ ਮੁਹਿੰਮ ਵਿੱਢੀ ਜਾਵੇ, ਤਾਂ ਜੋ ਨੌਜਵਾਨ ਸਿੱਖ ਸ਼ਕਤੀ ਨੂੰ ਨਸ਼ਿਆਂ ਵਰਗੀ ਸਮਾਜਿਕ ਕੁਰੀਤੀ ਤੋਂ ਬਚਾਇਆ ਜਾ ਸਕੇ।
ਇਸ ਦੌਰਾਨ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਦਿੱਤੇ ਅੰਮ੍ਰਿਤਸਰ ਬੰਦ ਦੇ ਸੱਦੇ ਦੇ ਤਹਿਤ ਸ਼ਹਿਰ ਵਿਚ ਕਾਰੋਬਾਰ ਅਤੇ ਵਪਾਰਕ ਅਦਾਰੇ ਬੰਦ ਹਨ। ਘੱਲੂਘਾਰਾ ਦਿਵਸ ਦੇ ਸਬੰਧ ਵਿਚ ਸਵੇਰੇ ਅਕਾਲ ਤਖ਼ਤ ਵਿਖੇ ਆਖੰਡ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਆਪਣੇ ਤੌਰ ‘ਤੇ ਵੱਖਰਾ ਸੰਦੇਸ਼ ਵੀ ਜਾਰੀ ਕੀਤਾ ਗਿਆ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਗੁਰਦੁਆਰਾ ਥੜ੍ਹਾ ਸਾਹਿਬ ਨੇੜੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜਿਵੇਂ ਹੀ ਅਖੰਡ ਪਾਠ ਦਾ ਭੋਗ ਪਿਆ ਤਾਂ ਦਲ ਖਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਹੋਰ ਨੌਜਵਾਨ ਸਿੱਖ ਜਥੇਬੰਦੀਆਂ ਵੱਲੋਂ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤੇ ਅਤੇ ਗੁਰਦੁਆਰਿਆਂ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਹਰਿਮੰਦਰ ਸਾਹਿਬ ਦੇ ਕੈਂਪਸ ਵਿਚ ਵੀ ਵੱਡੀ ਗਿਣਤੀ ‘ਚ ਚਿੱਟ ਕੱਪੜੀਏ ਪੁਲਿਸ ਮੁਲਾਜ਼ਮ ਤਾਇਨਾਤ ਰਹੇ।