#AMERICA

ਗ੍ਰੇਟਰ ਡੈਟਨ ਵਿਖੇ ਮਨਾਇਆ ਅਮਰੀਕਾ ਦਾ ਆਜ਼ਾਦੀ ਦਿਵਸ

-ਵੱਡੀ ਗਿਣਤੀ ‘ਚ ਲੋਕ ਪਰੇਡ ਅਤੇ ਆਜ਼ਾਦੀ ਸਮਾਗਮ ‘ਚ ਸ਼ਾਮਲ ਹੋਏ

ਗ੍ਰੇਟਰ ਡੈਟਨ, 7 ਜੁਲਾਈ,  (ਪੰਜਾਬ ਮੇਲ)- ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਗਿਣੇ ਜਾਂਦੇ ਅਮਰੀਕਾ, ਜਿਸਨੂੰ ਗ੍ਰੇਟ ਬ੍ਰਿਟੇਨ ਤੋਂ 1776 ਵਿੱਚ 4 ਜੁਲਾਈ ਨੂੰ ਆਜ਼ਾਦੀ ਮਿਲੀ ਸੀ, ਦਾ ਆਜ਼ਾਦੀ ਦਿਹਾੜਾ ਪੂਰੇ ਦੇਸ਼ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਅਮਰੀਕਾ ਦੇ ਵੱਖੋ-ਵੱਖਰੇ ਹਿੱਸਿਆਂ ‘ਚ ਸਰਕਾਰੀ, ਗੈਰ ਸਰਕਾਰੀ ਸਮਾਗਮ ਹੋਏ, ਪਰੇਡਾਂ ਕੱਢੀਆਂ ਗਈਆਂ, ਰੌਸ਼ਨੀਆਂ ਕੀਤੀਆਂ ਗਈਆਂ।

ਉਹਾਇਓ ਦੇ ਸ਼ਹਿਰ ਗ੍ਰੇਟਰ ਡੈਟਨ ਵਿੱਚ ਇੱਕ ਵਿਸ਼ਾਲ ਪੱਧਰ ‘ਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ ਵਿੱਚ ਸਾਰੇ ਵਰਗਾਂ, ਧਰਮਾਂ, ਰੰਗ, ਨਸਲ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਜ਼ਸ਼ਨ ਮਨਾਏ।  ਸਿੱਖ ਭਾਈਚਾਰੇ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਪੰਜਾਬੀ ਕਾਰੋਬਾਰੀ, ਵਪਾਰੀ, ਪ੍ਰੋਫੈਸ਼ਨਲ ਅਤੇ ਪੰਜਾਬੀ , ਭਾਰਤੀ , ਅਮਰੀਕਨਾਂ ਨੇ ਅਮਰੀਕੀ ਝੰਡੇ, ਬੈਨਰ, ਪੋਸਟਰ ਚੁੱਕੇ ਹੋਏ ਸਨ ਅਤੇ ਪਰਿਵਾਰਾਂ ਸਮੇਤ ਪਰੇਡ ‘ਚ ਹਿੱਸਾ ਲੈ ਰਹੇ ਸਨ।  ਸਿੱਖ ਭਾਈਚਾਰਾ ਪਿਛਲੇ ਛੇ ਸਾਲਾਂ ਤੋਂ ਸਿੱਖ ਸੁਸਾਇਟੀ ਆਫ਼ ਡੈਟਨ ਦੇ ਬੈਨਰ ਹੇਠ ਭਾਗ ਲੈ ਰਿਹਾ ਹੈ।ਇਸ ਪਰੇਡ ਦੀ ਸ਼ੁਰੂਆਤ ਬੀਵਰਕਰੀਕ ਪੁਲਿਸ ਅਤੇ ਸਮੁੰਦਰੀ ਫੌਜ ਵਲੋਂ ਕੀਤੀ ਗਈ। ਇਸ ਵੱਡੇ ਮਾਰਚ ਦਾ ਲੋਕ ਹੈਪੀ ਫੌਰਥ ਜੁਲਾਈ, ਹੈਪੀ ਇੰਡੀਪੈਨਡੈਂਸ ਡੇਅ ਕਹਿਕੇ ਸਵਾਗਤ ਕਰ ਰਹੇ ਸਨ। ਇਸ ਪਰੇਡ ‘ਚ ਸਿੱਖ ਆਪਣੀ ਨਿਵੇਕਲੀ ਪਛਾਣ ਕਾਰਨ ਵਿਸ਼ੇਸ਼ ਖਿੱਚ ਦਾ ਕੇਂਦਰ ਸਨ।

 ਸਿੱਖ ਭਾਈਚਾਰੇ ਦੇ ਲੋਕਾਂ ਨੇ ਠੰਡੇ ਪਾਣੀ ਦੀਆਂ ਬੋਤਲਾਂ  ਨਾਲ ਲੋਕਾਂ ਦੀ ਸੇਵਾ ਕੀਤੀ। ਉਹਨਾ ਕਿਹਾ ਕਿ ਪਰੇਡ ਵਿੱਚ ਮੇਲੇ ਵਰਗਾ ਮਾਹੌਲ ਸੀ ਅਤੇ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਨੇ ਇਸ ਪਰੇਡ ‘ਚ ਸ਼ਾਮਲ ਹੋਕੇ ਆਜ਼ਾਦੀ ਜ਼ਸ਼ਨ ਮਨਾਉਣ ਲਈ ਵਰਨਣਯੋਗ ਹਿੱਸਾ ਪਾਇਆ। 

Leave a comment