* ਅਮਰੀਕਾ ‘ਚ ਬਕਾਇਆ 18 ਲੱਖ ਅਰਜ਼ੀਆਂ ‘ਚੋਂ 11 ਲੱਖ ਭਾਰਤ ਤੋਂ
ਵਾਸ਼ਿੰਗਟਨ, 7 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀਆਂ ਲਈ ਗ੍ਰੀਨ ਕਾਰਡ ਦਾ ਇੰਤਜ਼ਾਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। 10.5 ਲੱਖ ਤੋਂ ਵੱਧ ਭਾਰਤੀ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਲਈ ਕਤਾਰ ਵਿਚ ਹਨ ਤੇ ਕਰੀਬ ਚਾਰ ਲੱਖ ਲੋਕਾਂ ਦੀ ਅਮਰੀਕਾ ਵਿਚ ਸਥਾਈ ਨਿਵਾਸ ਦਾ ਕਾਨੂੰਨੀ ਦਸਤਾਵੇਜ਼ ਮਿਲਣ ਤੋਂ ਪਹਿਲਾਂ ਹੀ ਮੌਤ ਹੋ ਸਕਦੀ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ ‘ਤੇ ਸਥਾਈ ਨਿਵਾਸੀ ਕਾਰਡ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਹ ਅਮਰੀਕਾ ਵਿਚ ਪ੍ਰਵਾਸੀਆਂ ਨੂੰ ਸਬੂਤ ਦੇ ਤੌਰ ‘ਤੇ ਜਾਰੀ ਕੀਤਾ ਜਾਣ ਵਾਲਾ ਇਕ ਦਸਤਾਵੇਜ਼ ਹੈ, ਜੋ ਦੱਸਦਾ ਹੈ ਕਿ ਧਾਰਕ ਨੂੰ ਸਥਾਈ ਰੂਪ ‘ਚ ਦੇਸ਼ ਵਿਚ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਹਰ ਮੁਲਕ ਦੇ ਲੋਕਾਂ ਨੂੰ ਗ੍ਰੀਨ ਕਾਰਡ ਜਾਰੀ ਕਰਨ ਦੀ ਗਿਣਤੀ ਸੀਮਤ ਹੈ।
ਅਮਰੀਕੀ ਥਿੰਕ ਟੈਂਕ ‘ਕੈਟੋ ਇੰਸਟੀਚਿਊਟ’ ਦੇ ਡੇਵਿਡ ਜੇ. ਬਾਇਰ ਦੇ ਅਧਿਐਨ ਮੁਤਾਬਕ, ‘ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਲਈ ਬਕਾਇਆ ਅਰਜ਼ੀਆਂ ਦੀ ਗਿਣਤੀ ਇਸ ਸਾਲ 18 ਲੱਖ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 11 ਲੱਖ (63 ਪ੍ਰਤੀਸ਼ਤ) ਅਰਜ਼ੀਆਂ ਭਾਰਤ ਤੋਂ ਹਨ। ਕਰੀਬ 2,50,000 (14 ਪ੍ਰਤੀਸ਼ਤ) ਚੀਨ ਤੋਂ ਹਨ। ਅਧਿਐਨ ਮੁਤਾਬਕ ਕਿਸੇ ਵੀ ਦੇਸ਼ ਨੂੰ ਸੱਤ ਪ੍ਰਤੀਸ਼ਤ ਤੋਂ ਵੱਧ ਗ੍ਰੀਨ ਕਾਰਡ ਨਹੀਂ ਦਿੱਤੇ ਜਾ ਸਕਦੇ। ਭਾਰਤੀਆਂ ਦੀਆਂ 11 ਲੱਖ ਬਕਾਇਆ ਅਰਜ਼ੀਆਂ ਵਿਚੋਂ ਜ਼ਿਆਦਾਤਰ ਖਾਮੀਆਂ ਵਾਲੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ਿਕਾਰ ਹਨ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਨਵੇਂ ਅਰਜ਼ੀਕਰਤਾਵਾਂ ਨੂੰ ਜੀਵਨ ਭਰ ਲਈ ਇੰਤਜ਼ਾਰ ਕਰਨਾ ਪਏਗਾ ਤੇ 4 ਲੱਖ ਤੋਂ ਵੱਧ ਲੋਕਾਂ ਦੀ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ ਮੌਤ ਵੀ ਹੋ ਸਕਦੀ ਹੈ।