#AMERICA

ਗੈਰ ਪ੍ਰਵਾਸੀਆਂ ਦੀ ਵੱਧ ਆਮਦ ਕਾਰਨ ਮੈਸੇਚਿਉਸੇਟਸ ਦੀ ਗਵਰਨਰ ਵੱਲੋਂ ਸਟੇਟ ਐਮਰਜੈਂਸੀ ਦਾ ਐਲਾਨ

ਬੋਸਟਨ, 16 ਅਗਸਤ (ਪੰਜਾਬ ਮੇਲ)- ਬਾਰਡਰ ਟੱਪ ਕੇ ਅਮਰੀਕਾ ਪਹੁੰਚ ਰਹੇ ਪ੍ਰਵਾਸੀਆਂ ਦੀ ਇੰਨੀ ਜ਼ਿਆਦਾ ਭਰਮਾਰ ਹੋ ਗਈ ਹੈ ਕਿ ਹੁਣ ਇਥੋਂ ਦੇ 50 ਰਾਜਾਂ ਵਿਚੋਂ ਬਹੁਤੇ ਗਵਰਨਰਾਂ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਆਪਣੇ ਰਾਜ ਵਿਚ ਆਉਣ ਤੋਂ ਰੋਕਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਮੈਸੇਚਿਉਸੇਟਸ ਦੀ ਗਵਰਨਰ ਮੌਰਾ ਹੇਲੀ ਨੇ ਵੀ ਗੈਰ ਪ੍ਰਵਾਸੀਆਂ ਨੂੰ ਆਪਣ ਰਾਜ ਵਿਚ ਪਨਾਹ ਦੇਣ ਤੋਂ ਪਾਸਾ ਵੱਟ ਲਿਆ ਹੈ। ਇੱਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਇੱਥੇ ਪਹਿਲਾਂ ਤੋਂ ਹੀ ਗੈਰ ਪ੍ਰਵਾਸੀ ਭਾਰੀ ਗਿਣਤੀ ਵਿਚ ਪਹੁੰਚ ਚੁੱਕੇ ਹਨ, ਜਿਨ੍ਹਾਂ ਨੂੰ ਹੁਣ ਇੱਥੇ ਸਾਂਭਣਾ ਮੁਸ਼ਕਿਲ ਹੋ ਗਿਆ ਹੈ।
ਅਮਰੀਕੀ ਗ੍ਰਹਿ ਸੁਰੱਖਿਆ ਦੇ ਸਕੱਤਰ ਅਲਹੈਂਡਰੋ ਮਅਰਕਸ ਨੂੰ ਸੰਬਧਤ ਇਕ ਪੱਤਰ ਵਿਚ ਗਵਰਨਰ ਹੇਲੀ ਨੇ ਕਿਹਾ ਕਿ ਇਹ ਦੁੱਖਦਾਈ ਗੱਲ ਹੈ ਕਿ ਮੈਸੇਚਿਉਸੇਟਸ ਵਿਚ ਪ੍ਰਵਾਸੀਆਂ ਦੀ ਗਿਣਤੀ ਹੱਦ ਤੋਂ ਵੱਧ ਹੋ ਗਈ ਹੈ, ਜਿਸ ਕਰਕੇ ਇੱਥੇ ਸ਼ੈਲਟਰ ਹੋਮ ਵੀ ਭਰ ਗਏ ਹਨ। ਇਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ਪਰਿਵਾਰ ਰਹਿ ਰਹੇ ਹਨ। ਕਈ ਪਰਿਵਾਰਾਂ ਨੂੰ ਹੋਟਲਾਂ ਅਤੇ ਮੋਟਲਾਂ ਵਿਚ ਵੀ ਪਨਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫੈਡਰਲ ਦੀ ਸਹਾਇਤਾ ਤੋਂ ਬਿਨਾਂ ਹੁਣ ਹੋਰ ਪ੍ਰਵਾਸੀਆਂ ਨੂੰ ਰਾਜ ਵਿਚ ਸ਼ਰਨ ਦੇਣ ਦੀ ਮੁਸ਼ਕਿਲ ਆ ਰਹੀ ਹੈ।
ਇਮੀਗ੍ਰੇਸ਼ਨ ਪ੍ਰਣਾਲੀ ਦੇ ਅੰਦਰ ਕਾਨੂੰਨੀ ਕੇਸਾਂ ਦੇ ਨਿਪਟਾਰੇ ਦੀ ਉਡੀਕ ਕਰ ਰਹੇ ਲੋਕਾਂ ਨੂੰ ਵਰਕ ਪਰਮਿਟ ਜਾਰੀ ਕਰਨ ਵਿਚ ਦੇਰੀ ਕਾਰਨ ਮੁਸ਼ਕਲ ਹੋਰ ਵਧ ਰਹੀ ਹੈ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.), ਵਰਕ ਪਰਮਿਟਾਂ ਨੂੰ ਮਨਜ਼ੂਰੀ ਦੇਣ ਅਤੇ ਨਵਿਆਉਣ ਲਈ ਜ਼ਿੰਮੇਵਾਰ ਏਜੰਸੀ, ਕੋਵਿਡ ਮਹਾਂਮਾਰੀ ’ਤੇ ਦੇਰੀ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ, ਜਿਸ ਨੇ ਕਿਹਾ ਕਿ ਇਸ ਦੇ ਸਰੋਤਾਂ ਵਿਚ ਤਣਾਅ ਅਤੇ ਪ੍ਰਕਿਰਿਆਵਾਂ ਵਿਚ ਵਿਘਨ ਪਿਆ।
ਉਨ੍ਹਾਂ ਕਿਹਾ ਕਿ ਮੈਸੇਚਿਉਸੇਟਸ ਇਕਲੌਤਾ ਅਜਿਹਾ ਰਾਜ ਹੈ, ਜਿਸ ਕੋਲ ‘‘ਆਸਰਾ ਦਾ ਅਧਿਕਾਰ’’ ਕਾਨੂੰਨ ਹੈ, ਜਿਸ ਲਈ ਯੋਗ ਪਰਿਵਾਰਾਂ ਨੂੰ ਤੁਰੰਤ ਰਿਹਾਇਸ਼ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਅੱਜਕੱਲ੍ਹ ਮੈਕਸੀਕੋ ਬਾਰਡਰ ਤੋਂ ਭਾਰੀ ਗਿਣਤੀ ਵਿਚ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋ ਰਹੇ ਹਨ ਅਤੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਵਿਚ ਜਾ ਰਹੇ ਹਨ, ਜਿਸ ਕਰਕੇ ਇੱਥੇ ਬੇਰੁਜ਼ਗਾਰੀ ਪੈਦਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ।

Leave a comment