#AMERICA

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਮਿਲਣ ਦਾ ਰਾਹ ਸਾਫ!

– ਬਾਇਡਨ ਪ੍ਰਸ਼ਾਸਨ ਵੱਲੋਂ ਨਵੀਂ ਯੋਜਨਾ ਦਾ ਐਲਾਨ
– 6 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੋਵੇਗਾ ਫਾਇਦਾ
ਵਾਸ਼ਿੰਗਟਨ, 19 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਥੇ ਰਹਿ ਰਹੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਾਹਤ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲਣ ਦਾ ਰਾਹ ਸਾਫ ਹੋ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਦਫ਼ਤਰ ਤੋਂ ਐਲਾਨ ਕੀਤਾ ਗਿਆ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਇਥੇ ਰਹਿ ਰਹੇ ਅਮਰੀਕੀ ਨਾਗਰਿਕਾਂ ਦੇ ਜੀਵਨ ਸਾਥੀਆਂ ਨੂੰ ਸਥਾਈ ਨਿਵਾਸ ਤੇ ਨਾਗਰਿਕਤਾ ਲਈ ਅਰਜ਼ੀ ਦਾਖਲ ਕਰਨ ਦੀ ਖੁੱਲ੍ਹ ਦਿੱਤੀ ਹੈ।
ਇਸ ਐਲਾਨ ਨਾਲ 6 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਫਾਇਦਾ ਹੋ ਸਕਦਾ ਹੈ। ਗੈਰ ਕਾਨੂੰਨੀ ਪ੍ਰਵਾਸੀ, ਨਾਗਿਰਕਤਾ ਹਾਸਲ ਕਰਨ ਲਈ 17 ਜੂਨ, 2024 ਤੋਂ ਪਹਿਲਾਂ ਘੱਟੋ-ਘੱਟ 10 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੋਵੇ ਅਤੇ ਉਹ ਪਹਿਲਾਂ ਹੀ ਕਿਸੇ ਅਮਰੀਕੀ ਨਾਗਰਿਕ ਨਾਲ ਵਿਆਹਿਆ ਹੋਵੇ। ਜੇਕਰ ਕਿਸੇ ਯੋਗ ਪ੍ਰਵਾਸੀ ਦੀ ਅਰਜ਼ੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਉਸ ਕੋਲ ਗਰੀਨ ਕਾਰਡ ਲੈਣ ਲਈ ਅਰਜ਼ੀ ਦੇਣ ਲਈ 3 ਸਾਲ ਹੋਣਗੇ। ਕੇਸ ਪਾਸ ਹੋਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਵੀ ਮਿਲ ਜਾਵੇਗਾ ਅਤੇ ਉਹ ਦੇਸ਼ ਨਿਕਾਲੇ ਤੋਂ ਵੀ ਬੱਚ ਜਾਵੇਗਾ। ਇਸ ਦੇ ਨਾਲ-ਨਾਲ 21 ਸਾਲ ਤੋਂ ਘੱਟ ਉਮਰ ਦੇ ਵੱਡੀ ਗਿਣਤੀ ‘ਚ ਗੈਰ ਨਾਗਰਿਕ ਬੱਚੇ ਵੀ ਸੰਭਾਵਿਤ ਤੌਰ ‘ਤੇ ਇਸ ਪ੍ਰਕਿਰਿਆ ਲਈ ਯੋਗ ਹੋ ਸਕਦੇ ਹਨ। ਅਧਿਕਾਰੀ ਅਨੁਸਾਰ ਅਰਜ਼ੀ ਦਾਖਲ ਕਰਨ ਦੀ ਪ੍ਰਕਿਰਿਆ ਇਨ੍ਹਾਂ ਗਰਮੀਆਂ ਦੇ ਅੰਤ ਤੱਕ ਹੀ ਖੁੱਲ੍ਹੀ ਹੋਵੇਗੀ। ਪਰ ਹਾਲੇ ਇਸ ਦੇ ਲਈ ਫੀਸਾਂ ਤੈਅ ਨਹੀਂ ਹੋਈਆਂ।
ਇੱਕ ਵਾਰ ਮਨਜ਼ੂਰੀ ਮਿਲਣ ਤੋਂ ਬਾਅਦ, ਪ੍ਰਾਪਤ ਕਰਤਾਵਾਂ ਕੋਲ ਪੇਰੋਲ ਇਨ ਪਲੇਸ (ਪੀ.ਆਈ.ਪੀ.) ਪ੍ਰੋਗਰਾਮ ਦੁਆਰਾ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਤਿੰਨ ਸਾਲ ਹੋਣਗੇ ਅਤੇ ਇਸ ਸਮੇਂ ਦੌਰਾਨ ਕੰਮ ਦੀ ਅਧਿਕਾਰਤਤਾ ਲਈ ਯੋਗ ਹੋਣਗੇ।
ਇੱਕ ਵਾਰ ਗੈਰ-ਦਸਤਾਵੇਜ਼ੀ ਪਤੀ-ਪਤਨੀ ਪੀ.ਆਈ.ਪੀ. ਪ੍ਰੋਗਰਾਮ ਵਿਚੋਂ ਲੰਘਦੇ ਹਨ, ਉਨ੍ਹਾਂ ਨੂੰ ਇੱਕ ਆਈ-94 ਯਾਤਰਾ ਰਿਕਾਰਡ ਪ੍ਰਾਪਤ ਹੋਵੇਗਾ। ਇਹ ਰਿਕਾਰਡ ਮਹੱਤਵਪੂਰਨ ਹੈ ਕਿਉਂਕਿ ਇਹ ਉਨ੍ਹਾਂ ਨੂੰ ਵਿਆਹ ਆਧਾਰਿਤ ਗ੍ਰੀਨ ਕਾਰਡ ਲਈ ਆਪਣੀ ਸਥਿਤੀ ਨੂੰ ਅਨੁਕੂਲ ਕਰਨ ਦੇ ਯੋਗ ਬਣਾਉਂਦਾ ਹੈ।
ਪ੍ਰਕਿਰਿਆ ਮੌਜੂਦਾ ਪੀ.ਆਈ.ਪੀ. ਪ੍ਰੋਗਰਾਮ ਦੇ ਸਮਾਨ ਹੋਣ ਦੀ ਉਮੀਦ ਹੈ। ਇਨ੍ਹਾਂ ਕੇਸਾਂ ‘ਤੇ ਆਮ ਤੌਰ ‘ਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਲਾਭਪਾਤਰੀ ਪੈਰੋਲ ਮਨਜ਼ੂਰ ਹੋਣ ਤੋਂ ਬਾਅਦ ਗ੍ਰੀਨ ਕਾਰਡ ਧਾਰਕ ਲਈ ਆਪਣੀ ਸਥਿਤੀ ਨੂੰ ਅਨੁਕੂਲ ਕਰਨ ਲਈ ਆਈ-485 ਅਰਜ਼ੀ ਲਈ ਤੁਰੰਤ ਦਾਇਰ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਗੈਰ ਕਾਨੂੰਨੀ ਢੰਗ ਨਾਲ ਆਏ ਅਤੇ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਵਾ ਚੁੱਕੇ ਇਨ੍ਹਾਂ ਲੋਕਾਂ ਤੋਂ ਹੁਣ ਦੇਸ਼ ਨਿਕਾਲੇ ਦਾ ਖਤਰਾ ਟੱਲ ਗਿਆ ਹੈ। ਉਹ ਆਪਣੇ ਪਰਿਵਾਰਾਂ ਨਾਲ ਅਮਰੀਕਾ ਵਿਚ ਰਹਿ ਸਕਣਗੇ। ਨਵੇਂ ਪਾਲਿਸੀ ਅਧੀਨ ਪਰਿਵਾਰਾਂ ਨੂੰ ਕਾਨੂੰਨੀ ਦਰਜ ਪ੍ਰਾਪਤ ਕਰਨ ‘ਤੇ ਅਮਰੀਕਾ ਵਿਚ ਰਹਿਣ ਦੀ ਮਨਜ਼ੂਰੀ ਹੋਵੇਗੀ।