ਸਾਨ ਫਰਾਂਸਿਸਕੋ, 17 ਮਾਰਚ (ਪੰਜਾਬ ਮੇਲ)- ਬਾਇਡਨ ਦੇ ਨਾਬਾਲਗਾਂ ਤੇ ਬੱਚਿਆਂ ਦੇ ਪਨਾਹ ਦੇਣ ਦੇ ਫ਼ੈਸਲੇ ਨਾਲ ਸਰਹੱਦ ’ਤੇ ਲੋਕਾਂ ਦੀ ਭੀੜ ਵਧਣੀ ਸ਼ੁਰੂ ਹੋ ਗਈ ਹੈ। ਮੈਕਸੀਕੋ ਸਰਹੱਦ ਇਕ ਵਾਰ ਫਿਰ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਲਈ ਫਿਰ ਚਰਚਾ ’ਚ ਆ ਗਈ ਹੈ। ਫਰਵਰੀ ਮਹੀਨੇ ’ਚ ਅਮਰੀਕਾ ਦੀ ਦੱਖਣ-ਪੱਛਮ ਖੇਤਰ ਨਾਲ ਲੱਗਦੀ ਮੈਕਸੀਕੋ ਸਰਹੱਦ ’ਤੇ ਇਕ ਲੱਖ ਤੋਂ ਵੱਧ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ ਯਤਨ ਕੀਤਾ। ਮੈਕਸੀਕੋ ਦੇ ਨੈਸ਼ਨਲ ਗਾਰਡ ਸਰਹੱਦ ਖੇਤਰ ’ਤੇ ਸਖ਼ਤ ਨਿਗਰਾਨੀ ਰੱਖ ਰਹੇ ਹਨ ਪਰ ਇੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਅਨੁਸਾਰ ਵੱਖ-ਵੱਖ ਰਾਜਾਂ ’ਚ ਅਮਰੀਕਾ ’ਚ ਦਾਖਲ ਹੋਣ ਲਈ ਲੋਕ ਪੁੱਜ ਰਹੇ ਹਨ ਅਤੇ ਪਿਛਲੇ ਹਫ਼ਤੇ ਦੌਰਾਨ 800 ਤੋਂ ਵੱਧ ਲੋਕਾਂ ਨੂੰ ਬੱਸਾਂ, ਟਰੈਕਟਰਾਂ ਅਤੇ ਟਰਾਲਿਆਂ ’ਚ ਜਾਂਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਮੈਕਸੀਕੋ ਸਰਹੱਦ ’ਤੇ ਏਜੰਸੀ ਦੇ ਮੁਖੀ ਗੋਇਲਨ ਨੇ ਮੌਜੂਦਾ ਸਥਿਤੀ ਬਾਰੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਇਸ ਖੇਤਰ ਦੇ ਮਨੁੱਖੀ ਤਸਕਰ ਏਸ਼ੀਆ ਤੱਕ ਦੇ ਭੋਲੇ-ਭਾਲੇ ਲੋਕਾਂ ਨੂੰ ਇਧਰੋਂ ਅਮਰੀਕਾ ਲੰਘਾਉਣ ਲਈ ਭਰਮਾ ਰਹੇ ਹਨ। ਉਧਰ ਵ੍ਹਾਈਟ ਹਾਊਸ ਨੇ ਇਹ ਵੀ ਕਿਹਾ ਹੈ ਕਿ ਮੈਕਸੀਕੋ ਨਾਲ ਰਲ ਕੇ ਸੁਰੱਖਿਆ ਬਲ ਤਾਇਨਾਤ ਕੀਤੇ ਜਾ ਰਹੇ ਹਨ ਪਰ ਰਿਪਬਲਿਕਨ ਨੇਤਾ ਇਹ ਕਹਿ ਰਹੇ ਹਨ ਕਿ ਬਾਇਡਨ ਦੇ ਨਾਬਾਲਗਾਂ ਤੇ ਬੱਚਿਆਂ ਦੇ ਪਨਾਹ ਦੇਣ ਦੇ ਫ਼ੈਸਲੇ ਨਾਲ ਸਰਹੱਦ ’ਤੇ ਲੋਕਾਂ ਦੀ ਭੀੜ ਵਧਣੀ ਸ਼ੁਰੂ ਹੋ ਗਈ ਹੈ।