#INDIA

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਯੂ.ਏ.ਈ. ਤੋਂ ਭਾਰਤ ਨੂੰ ਡਿਪੋਰਟ ਹੁੰਦੇ ਸਾਰ ਗ੍ਰਿਫ਼ਤਾਰ

ਨਵੀਂ ਦਿੱਲੀ, 28 ਜੁਲਾਈ (ਪੰਜਾਬ ਮੇਲ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਕ ਪ੍ਰਮੱਖ ਸਾਥੀ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਨੂੰ ਯੂ.ਏ.ਈ. ਤੋਂ ਭਾਰਤ ਨੂੰ ਡਿਪੋਰਟ ਹੁੰਦੇ ਸਾਰ ਹੀ ਗ੍ਰਿਫ਼ਤਾਰ ਕਰ ਲਿਆ। ਐਨ.ਈ.ਏ. ਨੇ ਦੱਸਿਆ ਕਿ ਸਾਡੀ ਇਕ ਟੀਮ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਗਈ ਸੀ ਤਾਂ ਜੋ ਉਸ ਨੂੰ ਵਾਪਸ ਲਿਆਂਦਾ ਜਾ ਸਕੇ। ਬਰਾੜ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ‘ਚ ਵੀ ਸ਼ਾਮਿਲ ਸੀ, ਇਸ ਤੋਂ ਇਲਾਵਾ ਉਸ ਦੀ ਬੇਕਸੂਰ ਲੋਕਾਂ ਤੇ ਕਾਰੋਬਾਰੀਆਂ ਦੀ ਮਿੱਥ ਕੇ ਹੱਤਿਆਵਾਂ ਕਰਨ ‘ਚ ਵੀ ਸ਼ਮੂਲੀਅਤ ਸੀ। ਉਹ ਖ਼ਤਰਨਾਕ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਹੋਰਾਂ ਦੀ ਮਦਦ ਨਾਲ ਭਾਰਤ ‘ਚ ਹਥਿਆਰਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਦੇ ਮਾਮਲਿਆਂ ‘ਚ ਵੀ ਸ਼ਾਮਿਲ ਸੀ। 2020 ਤੋਂ ਭਗੌੜਾ ਵਿਕਰਮ ਬਰਾੜ ਹੱਤਿਆ, ਹੱਤਿਆ ਦੀ ਕੋਸ਼ਿਸ਼, ਫਿਰੌਤੀ ਤੇ ਵੱਖ-ਵੱਖ ਧਾਰਾਵਾਂ ਤਹਿਤ 11 ਮਾਮਲਿਆਂ ‘ਚ ਲੋੜੀਂਦਾ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਸਮੇਤ ਵੱਖ-ਵੱਖ ਸੂਬਾਈ ਪੁਲਿਸ ਦੀ ਬੇਨਤੀ ‘ਤੇ ਸਮਰੱਥ ਅਥਾਰਟੀ ਦੁਆਰਾ ਉਸ ਦੇ ਖ਼ਿਲਾਫ਼ 11 ਲੁੱਕ ਆਊਟ ਨੋਟਿਸ ਜਾਰੀ ਕੀਤੇ ਗਏ ਸਨ।

Leave a comment