ਚੰਡੀਗੜ੍ਹ, 18 ਅਗਸਤ (ਪੰਜਾਬ ਮੇਲ)- ਚੰਡੀਗੜ੍ਹ ਦੇ ਬੁਡੈਲ ਵਿਚ ਹੋਏ ਸੋਨੂੰ ਸ਼ਾਹ ਕਤਲ ਕੇਸ ਵਿਚ ਅੱਜ ਜ਼ਿਲ੍ਹਾ ਅਦਾਲਤ ਵਿਚ ਸੁਣਵਾਈ ਹੋਈ। ਇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਨੂੰ ਸਖ਼ਤ ਸੁਰੱਖਿਆ ਹੇਠ ਜ਼ਿਲ੍ਹਾ ਅਦਾਲਤ ਵਿਚ ਲਿਆਂਦਾ ਗਿਆ। ਇੱਥੇ ਪਹਿਲਾਂ ਤੋਂ ਹੀ ਭਾਰੀ ਪੁਲਸ ਫੋਰਸ ਮੌਜੂਦ ਸੀ। ਇਸ ਕਾਰਨ ਚੰਡੀਗੜ੍ਹ ਪੁਲਸ ਨੇ ਜ਼ਿਲ੍ਹਾ ਅਦਾਲਤ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਵਕੀਲਾਂ ਦੀ ਟੀਮ ਵੀ ਮੌਜੂਦ ਸੀ। ਲਾਰੈਂਸ ਦੀ ਪੇਸ਼ੀ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਕਿਸੇ ਨੂੰ ਵੀ ਅਦਾਲਤ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਪੁਲਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਚੰਡੀਗੜ੍ਹ ਲੈ ਕੇ ਆਈ ਸੀ। ਸੈਕਟਰ-45 ਥਾਣੇ ਵਿਚ ਦਰਜ ਸੋਨੂੰ ਸ਼ਾਹ ਕਤਲ ਕੇਸ ਵਿਚ ਸੈਕਟਰ-45 ਪੁਲਸ ਨੇ ਚਾਰਜਸ਼ੀਟ ਦਾਖ਼ਲ ਕਰਨੀ ਸੀ, ਪਰ ਅੱਜ ਸੁਣਵਾਈ ਦੌਰਾਨ ਪੁਲਸ ਵੱਲੋਂ ਚਾਰਜਸ਼ੀਟ ਦਾਖ਼ਲ ਕਰਨ ਲਈ ਕੁਝ ਸਮਾਂ ਮੰਗਿਆ ਗਿਆ। ਇਸ ’ਤੇ ਅਦਾਲਤ ਨੇ ਪੁਲਸ ਦੀ ਮੰਗ ਮੰਨਦਿਆਂ ਅਗਲੀ ਸੁਣਵਾਈ 28 ਸਤੰਬਰ ਲਈ ਤੈਅ ਕੀਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵਾਪਸ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਹੈ।