#PUNJAB

ਗੈਂਗਸਟਰ ਜੱਗੂ ਭਗਵਾਨਪੁਰੀਆ ਬਠਿੰਡਾ ਜੇਲ੍ਹ ‘ਚ ਤਬਦੀਲ

ਡੀ.ਜੀ.ਪੀ. ਨੂੰ ਕਾਨੂੰਨੀ ਨੋਟਿਸ ਜਾਰੀ
ਬਠਿੰਡਾ, 22 ਜਨਵਰੀ (ਪੰਜਾਬ ਮੇਲ)- ਪਿਛਲੇ ਲੰਬੇ ਸਮੇਂ ਤੋਂ ਮਾਡਰਨ ਜੇਲ੍ਹ ਕਪੂਰਥਲਾ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਸਾਥੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਠਿੰਡਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਵਕੀਲ ਵੱਲੋਂ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਦੇ ਡੀ.ਜੀ.ਪੀ. ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਨੇ ਪੰਜ ਮਹੀਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿਚ ਉਸ ਨੂੰ ਬਠਿੰਡਾ ਜੇਲ੍ਹ ਵਿਚ ਤਬਦੀਲ ਨਾ ਕਰਨ ਦੀ ਅਪੀਲ ਕੀਤੀ ਸੀ।
ਪਟੀਸ਼ਨ ‘ਚ ਉਸ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਸ਼ਿਫਟ ਕੀਤਾ ਗਿਆ, ਤਾਂ ਉਸ ਦੀ ਜਾਨ ਨੂੰ ਖਤਰਾ ਹੋ ਜਾਵੇਗਾ। ਪਟੀਸ਼ਨ ਵਿਚ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ, ਗੁਰਪ੍ਰੀਤ ਸੇਖੋਂ, ਦਿਲਪ੍ਰੀਤ ਬਾਵਾ, ਨੀਟਾ ਦਿਓਲ ਅਤੇ ਹੋਰ ਗੈਂਗਸਟਰਾਂ ਤੋਂ ਉਸ ਦੀ ਜਾਨ ਨੂੰ ਖਤਰਾ ਹੈ।
ਕਾਬਿਲੇਗੌਰ ਹੈ ਕਿ ਮਾਡਰਨ ਜੇਲ੍ਹ ਕਪੂਰਥਲਾ ਵਿਚ ਸਾਥੀ ਕੈਦੀਆਂ ਨਾਲ ਬਹਿਸ ਕਰਨ ਅਤੇ ਗੁੱਸੇ ਵਿਚ ਜੇਲ੍ਹ ਵਿਚ ਬੰਦ ਐੱਲ.ਸੀ.ਡੀ. ਤੋੜਨ ਦੇ ਦੋਸ਼ ਵਿਚ ਜੱਗੂ ਵੱਲੋਂ ਹਾਲ ਹੀ ਵਿਚ ਥਾਣਾ ਕੋਤਵਾਲੀ ਵਿਚ ਨਵਾਂ ਕੇਸ ਦਰਜ ਕੀਤਾ ਗਿਆ ਹੈ।