#INDIA

ਗੂਗਲ ਇੰਡੀਆ ਨੇ 450 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ

ਨਵੀਂ ਦਿੱਲੀ, 18 ਫਰਵਰੀ (ਪੰਜਾਬ ਮੇਲ)- ਗੂਗਲ ਇੰਡੀਆ ਨੇ ਕੰਪਨੀ ਦੇ ਵੱਖ-ਵੱਖ ਵਿਭਾਗਾਂ ਤੋਂ 453 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕਰਮਚਾਰੀਆਂ ਨੂੰ ਈਮੇਲ ਰਾਹੀਂ ਨੌਕਰੀ ਤੋਂ ਹਟਾਉਣ ਦੀ ਸੂਚਨਾ ਦਿੱਤੀ ਗਈ ਹੈ। ਮੀਡੀਆ ਰਿਪੋਰਟਸ ਮੁਤਾਬਕ ਇਹ ਛਾਂਟੀ ਵੀਰਵਾਰ ਦੀ ਦੇਰ ਰਾਤ ਕੀਤੀ ਗਈ ਹੈ। ਰਿਪੋਰਟਸ ਮੁਤਾਬਕ ਕਰਮਚਾਰੀਆਂ ਨੂੰ ਛਾਂਟੀ ਦਾ ਮੇਲ ਕੰਟਰੀ ਹੈੱਡ ਅਤੇ ਗੂਗਲ ਇੰਡੀਆ ਦੇ ਉੱਪ-ਪ੍ਰਧਾਨ ਸੰਜੇ ਗੁਪਤਾ ਵਲੋਂ ਭੇਜਿਆ ਗਿਆ ਹੈ। ਪਿਛਲੇ ਮਹੀਨੇ ਹੀ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੇਟ ਨੇ ਕਿਹਾ ਸੀ ਕਿ ਉਹ ਆਪਣੇ ਗਲੋਬਲ ਮੈਨਪਾਵਰ ’ਚੋ ਕਰੀਬ 6 ਫੀਸਦੀ ਯਾਨੀ ਲਗਭਗ 12,000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ 453 ਲੋਕਾਂ ਦੀ ਇਹ ਛਾਂਟੀ ਪਹਿਲਾਂ ਐਲਾਨੇ 12 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਹਿੱਸਾ ਹੈ ਜਾਂ ਆਉਣ ਵਾਲੇ ਦਿਨਾਂ ’ਚ ਵੱਖ ਤੋਂ ਹੋਰ ਛਾਂਟੀ ਕੀਤੀ ਜਾਵੇਗੀ। ਮੀਡੀਆ ਰਿਪੋਰਟ ਮੁਤਾਬਕ ਛਾਂਟੀ ਦੇ ਮੇਲ ਨਾਲ ਅਲਫਾਬੇਟ ਦੇ ਸੀ. ਈ. ਓ. ਸੁੰਦਰ ਪਿਚਾਈ ਦਾ ਸੰਦੇਸ਼ ਵੀ ਸ਼ਾਮਲ ਹੈ, ਜਿਸ ’ਚ ਉਨ੍ਹਾਂ ਨੇ ਕੰਪਨੀ ’ਚ ਹੋ ਰਹੀਆਂ ਛਾਂਟੀਆਂ ਦੀ ਪੂਰੀ ਜ਼ਿੰਮੇਵਾਰੀ ਲਈ ਹੈ।

Leave a comment