#PUNJAB

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਤ 3 ਕੇਸ ਫ਼ਰੀਦਕੋਟ ਤੋਂ ਚੰਡੀਗੜ੍ਹ ਤਬਦੀਲ

– ਡੇਰਾ ਪ੍ਰੇਮੀਆਂ ਨੇ ਇਸ ਸਬੰਧੀ ਸੁਪਰੀਮ ਕੋਰਟ ‘ਚ ਦਾਇਰ ਕੀਤੀ ਸੀ ਪਟੀਸ਼ਨ
ਫਰੀਦਕੋਟ, 1 ਮਾਰਚ (ਪੰਜਾਬ ਮੇਲ)- ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਤਿੰਨ ਕੇਸ ਫ਼ਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਦੀ ਅਦਾਲਤ ਵਿਚ ਤਬਦੀਲ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀਆਂ ਨੇ 2 ਦਸੰਬਰ 2022 ਨੂੰ ਇਸ ਸਬੰਧੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਹ ਪੰਜਾਬ ਵਿਚ ਆਪਣੇ ਖ਼ਿਲਾਫ਼ ਚੱਲ ਰਹੇ ਕੇਸਾਂ ਨੂੰ ਭੈਅ-ਮੁਕਤ ਹੋ ਕੇ ਨਹੀਂ ਲੜ ਸਕਦੇ ਕਿਉਂਕਿ ਬੇਅਦਬੀ ਦੇ ਇਲਜ਼ਾਮਾਂ ਵਿਚ ਘਿਰੇ ਦੋ ਡੇਰਾ ਪ੍ਰੇਮੀਆਂ ਦਾ ਪੰਜਾਬ ਵਿਚ ਕਤਲ ਹੋ ਚੁੱਕਾ ਹੈ।
ਸੁਪਰੀਮ ਕੋਰਟ ਦੇ ਜੱਜ ਜਸਟਿਸ ਅਨੁਰਾਧਾ ਬੋਸ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਡੇਰਾ ਪ੍ਰੇਮੀਆਂ ਖ਼ਿਲਾਫ਼ ਫਰੀਦਕੋਟ ਵਿਚ ਚੱਲ ਰਹੇ ਤਿੰਨਾਂ ਕੇਸਾਂ ਨੂੰ ਚੰਡੀਗੜ੍ਹ ਵਿਚ ਤਬਦੀਲ ਕਰਨ ਦੇ ਆਦੇਸ਼ ਦਿੱਤੇ ਹਨ। ਹੁਣ ਇਨ੍ਹਾਂ ਕੇਸਾਂ ਦੀ ਸੁਣਵਾਈ ਜੁਡੀਸ਼ੀਅਲ ਮੈਜਿਸਟਰੇਟ ਚੰਡੀਗੜ੍ਹ ਵੱਲੋਂ ਕੀਤੀ ਜਾਵੇਗੀ। ਹਾਲਾਂਕਿ ਡੇਰਾ ਪ੍ਰੇਮੀ ਇਨ੍ਹਾਂ ਕੇਸਾਂ ਨੂੰ ਹਰਿਆਣਾ, ਰਾਜਸਥਾਨ, ਦਿੱਲੀ ਜਾਂ ਕਿਸੇ ਹੋਰ ਸੂਬੇ ਵਿਚ ਲਿਜਾਣਾ ਚਾਹੁੰਦੇ ਸਨ, ਜਿਸ ਦਾ ਪੰਜਾਬ ਸਰਕਾਰ ਨੇ ਸਖ਼ਤ ਵਿਰੋਧ ਕੀਤਾ ਸੀ। ਸਰਕਾਰ ਨੇ ਆਪਣੇ ਜਵਾਬ ਵਿਚ ਕਿਹਾ ਸੀ ਕਿ ਡੇਰਾ ਪ੍ਰੇਮੀਆਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਅਤੇ ਅਦਾਲਤੀ ਸੁਣਵਾਈ ਦੌਰਾਨ ਕਦੇ ਕੋਈ ਘਟਨਾ ਨਹੀਂ ਵਾਪਰੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਪ੍ਰੇਮੀ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਖ਼ਿਲਾਫ਼ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫਰੀਦਕੋਟ ਦੀ ਅਦਾਲਤ ਵਿਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ, ਉਸ ਦੇ ਅੰਗ ਪਾੜ ਦੇ ਗਲੀਆਂ ਵਿਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਛਾਪਣ ਦੇ ਮਾਮਲੇ ਵਿਚ ਦਰਜ ਹੋਏ ਤਿੰਨ ਮੁਕੱਦਮਿਆਂ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਇਸ ਬੇਅਦਬੀ ਮਾਮਲੇ ਵਿਚ ਕੁੱਲ 11 ਡੇਰਾ ਪ੍ਰੇਮੀਆਂ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਵਿਚ ਕਤਲ ਹੋ ਗਿਆ ਸੀ ਅਤੇ ਪ੍ਰਦੀਪ ਸਿੰਘ ਦਾ ਕੁਝ ਸਮਾਂ ਪਹਿਲਾਂ ਕੋਟਕਪੂਰਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਡੇਰਾ ਪ੍ਰੇਮੀਆਂ ਨੇ ਕੇਸ ਪੰਜਾਬ ਤੋਂ ਬਾਹਰ ਭੇਜਣ ਦੀ ਮੰਗ ਕੀਤੀ ਸੀ।

Leave a comment