ਸੈਕਰਾਮੈਂਟੋ, 19 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗੁਰੂਮਿਲਾਪ ਸੰਸਥਾ ਜਿਹੜੀ ਸਿੱਖੀ ਸਿੱਖਿਆ ਗੁਰ ਵਿਚਾਰ ਦੇ ਸਲੋਗਨ ਹੇਠ ਰਾਜਸਥਾਨ ਦੇ ਅਲਵਰ ਵਿਖੇ ਗਰੀਬ ਸਾਬਤ ਸੂਰਤ ਸਿੱਖ ਬੱਚਿਆਂ ਲਈ ਸਕੂਲ ਚਲਾ ਕੇ ਪੂਰੀ ਤਰ੍ਹਾਂ ਮੁਫ਼ਤ ਵਿੱਦਿਆ ਮੁਹੱਈਆ ਕਰਵਾ ਰਹੀ ਹੈ। ਇਨ੍ਹਾਂ ਵੱਲੋਂ ਵਿੱਦਿਆ ਦਾ ਚਾਨਣ ਵੰਡਣ ਲਈ, ਸੰਗਤ ਨੂੰ ਸੰਸਥਾ ਦੇ ਕੰਮਾਂ ਤੋਂ ਜਾਣੂ ਕਰਵਾਉਣ ਲਈ ਸਾਲਾਨਾ ਕੀਰਤਨ ਦਰਬਾਰ ਗੁਰਦੁਆਰਾ ਸਿੰਘ ਸਭਾ ਵਿਖੇ 9 ਜੁਲਾਈ, ਦਿਨ ਐਤਵਾਰ ਨੂੰ ਕਰਵਾਇਆ ਗਿਆ, ਜਿੱਥੇ ਸੰਸਥਾ ਦੇ ਮੋਢੀ ਸ. ਜਗਦੀਸ਼ ਸਿੰਘ ਨੇ ਦੱਸਿਆ ਕਿ ਅਗਰ ਸੰਗਤ ਦੇ ਵਿਚੋਂ ਕੋਈ ਬੱਚਾ ਗੋਦ ਲੈ ਕੇ ਪੜ੍ਹਾਉਣਾ ਚਾਹੇ, ਤਾਂ ਮਹੀਨੇ ਦੀ ਫੀਸ 20 ਡਾਲਰ ਦੇ ਕੇ ਸੇਵਾ ਲੈ ਸਕਦਾ ਹੈ। ਅਗਰ ਇੰਡੀਆ ਤੋਂ ਕਿਸੇ ਨੇ ਸੇਵਾ ਲੈਣੀ ਹੋਵੇ ਤਾਂ 1600 ਰੁਪਏ ਪ੍ਰਤੀ ਮਹੀਨਾ ਆਪਣੇ ਦਸਵੰਧ ਵਿਚੋਂ ਕੱਢਕੇ ਸੇਵਾ ਲੈ ਸਕਦਾ ਹੈ।
ਇਸੇ ਤਰੀਕੇ ਅਲਵਰ ਦੇ ਸਕੂਲ ਦੇ ਵਿਚ ਤਕਰੀਬਨ 300 ਤੋਂ ਜ਼ਿਆਦਾ ਬੱਚੇ ਪੜ੍ਹਦੇ ਹਨ ਅਤੇ ਤਕਰੀਬਨ 25 ਤੋਂ ਜ਼ਿਆਦਾ ਸਟਾਫ ਦੇ ਮੈਂਬਰ ਨੇ। ਇੱਥੇ ਬੱਚਿਆਂ ਲਈ ਲੰਚ ਦਾ ਵੀ ਮੁਫਤ ਪ੍ਰਬੰਧ ਹੈ। ਅਗਰ ਲੰਚ ਦੀ ਸੇਵਾ ਲੈਣੀ ਹੋਵੇ, ਤਾਂ ਮਹੀਨੇ ਦੀ ਸੇਵਾ ਤਕਰੀਬਨ 1300 ਡਾਲਰ ਦੇ ਕੇ ਲੈ ਸਕਦਾ ਹੈ। ਇਸ ਮੌਕੇ ਜਿੱਥੇ ਗੁਰੂ ਘਰ ਦੇ ਕੀਰਤਨੀਏ ਭਾਈ ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਕੀਤਾ, ਉਥੇ ਗੁਰਦੁਆਰਾ ਸਹਿਬ ਦੇ ਸੈਕਟਰੀ ਭਾਈ ਗੁਰਪ੍ਰੀਤ ਸਿੰਘ ਮਾਨ ਅਤੇ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਕਰਨਾਲ ਨੇ ਵੀ ਸੰਗਤਾਂ ਨੂੰ ਗੁਰੂਮਿਲਾਪ ਸੰਸਥਾਂ ਦੀਆਂ ਪ੍ਰਾਪਤੀਆਂ ਤੋਂ ਸੰਗਤ ਨੂੰ ਜਾਣੂ ਕਰਵਾਇਆ। ਪੀ.ਸੀ.ਏ. ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਵੀ ਆਪਣੇ ਤਜ਼ਰਬੇ ਵਿਚੋਂ ਗੁਰਮਿਲਾਪ ਸੰਸਥਾ ਦੇ ਸੰਬੰਧ ਵਿਚ ਆਪਣੇ ਵਿਚਾਰ ਰੱਖੇ। ਇਸ ਤੋਂ ਬਿਨਾ ਪ੍ਰਕਾਸ਼ ਸਿੰਘ ਪ੍ਰੇਮੀ, ਬੀਬੀ ਕੁਲਵੰਤ ਕੌਰ, ਬੀਬੀ ਕਮਲਪ੍ਰੀਤ ਕੌਰ, ਭਾਈ ਹਰਵਿੰਦਰ ਸਿੰਘ ਆਦਿ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪੰਥ ਦੇ ਮਹਾਨ ਕੀਰਤਨੀਏ ਭਾਈ ਓਂਕਾਰ ਸਿੰਘ ਨੇ ਗੁਰਬਾਣੀ ਦਾ ਕੀਰਤਨ ਕਰਕੇ ਸਪੈਸ਼ਲ ਹਾਜ਼ਰੀ ਭਰੀ।
ਗੁਰੂਮਿਲਾਪ ਸੰਸਥਾ ਵੱਲੋਂ ਗੁਰਦਵਾਰਾ ਸਿੰਘ ਸਭਾ ਵਿਖੇ ਸਾਲਾਨਾ ਸਮਾਗਮ
![](https://punjabmailusa.com/wp-content/uploads/2023/07/Kirtani-Jatha.jpg)