#PUNJAB

ਗੁਰਬਾਣੀ ਦੇ ਪ੍ਰਸਾਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ‘ਯੂ-ਟਿਊਬ ਚੈਨਲ’ ਸ਼ੁਰੂ ਕਰਨ ਦੀ ਤਿਆਰੀ!

* 23 ਜੁਲਾਈ ਤੋਂ ਪ੍ਰਸਾਰਨ ਹੋ ਸਕਦੈ ਅਰੰਭ
ਅੰਮ੍ਰਿਤਸਰ, 29 ਜੂਨ (ਪੰਜਾਬ ਮੇਲ)- ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਹਿੱਤ ਨਿੱਜੀ ਟੀ. ਵੀ. ਚੈਨਲ (ਪੀ. ਟੀ. ਸੀ.) ਨਾਲ ਲੰਮੇ ਸਮੇਂ ਤੋਂ ਚੱਲ ਰਿਹਾ ਇਕਰਾਰਨਾਮਾ ਅਗਲੇ ਮਹੀਨੇ ਖਤਮ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਤੱਕ ਪਾਵਨ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਮੁਫ਼ਤ ਮੁਹੱਈਆ ਕਰਵਾਉਣ ਲਈ ਆਪਣਾ ‘ਯੂ-ਟਿਊਬ ਚੈਨਲ’ ਆਰੰਭ ਕੀਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰ ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਕੁੱਝ ਮਹੀਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਪ੍ਰਸਾਰਨ ਹਿੱਤ ਆਪਣਾ ਚੈਨਲ ਆਰੰਭ ਕਰਨ ਦੇ ਕੀਤੇ ਹੁਕਮ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਪੰਜ ਮੈਂਬਰੀ ਸਬ-ਕਮੇਟੀ ਵੱਲੋਂ ਨਿੱਜੀ ਚੈਨਲ ਨਾਲ ਇਕਰਾਰਨਾਮਾ ਖਤਮ ਹੋਣ ‘ਤੇ ਗੁਰਬਾਣੀ ਪ੍ਰਸਾਰਨ ਲਈ ਟੀ. ਵੀ. ਘਰਾਣਿਆਂ ਤੋਂ ਖੁੱਲ੍ਹੇ ਟੈਂਡਰ ਮੰਗਣ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਇਸ ਪ੍ਰਕਿਰਿਆ ਨੂੰ ਅਜੇ ਸ਼ੁਰੂ ਨਹੀਂ ਸੀ ਕੀਤਾ ਗਿਆ।
ਜਾਣਕਾਰ ਸੂਤਰਾਂ ਅਨੁਸਾਰ ਬਾਅਦ ਵਿਚ ਐਡਵੋਕੇਟ ਧਾਮੀ ਨੇ ਨਿੱਜੀ ਦਿਲਚਸਪੀ ਲੈਂਦਿਆਂ ਟੈਂਡਰ ਪ੍ਰਕਿਰਿਆ ਦੀ ਥਾਂ ਸ਼੍ਰੋਮਣੀ ਕਮੇਟੀ ਦਾ ਆਪਣਾ ਯੂ-ਟਿਊਬ ਚੈਨਲ ਆਰੰਭ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਨੂੰ ਸਬ-ਕਮੇਟੀ ਵੱਲੋਂ ਗ਼ੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਇਸ ਪ੍ਰਸਤਾਵਿਤ ਯੂ-ਟਿਊਬ ਚੈਨਲ ਨੂੰ 23 ਜੁਲਾਈ ਨੂੰ ਰਸਮੀ ਤੌਰ ‘ਤੇ ਲਾਂਚ ਕੀਤਾ ਜਾ ਸਕਦਾ ਹੈ, ਕਿਉਂਕਿ 24 ਜੁਲਾਈ ਨੂੰ ਨਿੱਜੀ ਚੈਨਲ ਪੀ. ਟੀ. ਸੀ. ਨਾਲ ਕੀਰਤਨ ਪ੍ਰਸਾਰਨ ਸਬੰਧੀ ਇਕਰਾਰਨਾਮਾ ਖਤਮ ਹੋਣ ਜਾ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਸਤਾਵਿਤ ਯੂ-ਟਿਊਬ ਚੈਨਲ, ਜਿਸ ਨੂੰ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯੂ-ਟਿਊਬ ਚੈਨਲ’ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ, ਸਾਰਾ ਦਿਨ ਹੀ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਕਰਿਆ ਕਰੇਗਾ। ਇਸ ਸਬੰੰਧੀ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਇਕ ਬੁਲਾਰੇ ਨੇ ਸੰਪਰਕ ਕਰਨ ‘ਤੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਨ ਸਬੰਧੀ ਪ੍ਰਧਾਨ ਸਾਹਿਬ ਵੱਲੋਂ ਗਠਿਤ ਸਬ-ਕਮੇਟੀ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਆਉਂਦੇ ਦਿਨਾਂ ‘ਚ ਇਸ ਸਬੰਧੀ ਸੰਗਤ ਨੂੰ ਪਤਾ ਲੱਗ ਜਾਵੇਗਾ।

ਨਿੱਜੀ ਚੈਨਲ ਦੇ ਐੱਮ.ਡੀ. ਨੇ ਜਥੇਦਾਰ ਨੂੰ ਲਿਖਿਆ ਪੱਤਰ
ਸ਼੍ਰੋਮਣੀ ਕਮੇਟੀ ਨਾਲ ਇਕਰਾਰਨਾਮੇ ਤਹਿਤ ਅਗਲੇ ਮਹੀਨੇ ਤੱਕ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਨ ਕਰ ਰਹੇ ਨਿੱਜੀ ਚੈਨਲ ਪੀ. ਟੀ. ਸੀ. ਨੈੱਟਵਰਕ ਦੇ ਪ੍ਰਬੰਧਕਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਕੌਮ ਲਈ, ਸਮੂਹ ਚੈਨਲਾਂ ਲਈ, ਕਮੇਟੀਆਂ ਲਈ, ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਕਿਸੇ ਗੁਰੂ ਘਰ ਤੋਂ ਗੁਰਬਾਣੀ ਦੇ ਪ੍ਰਸਾਰਨ ਦੀ ਨਾ ਤਾਂ ਕੋਈ ਸਪਾਂਸਰਸ਼ਿਪ ਲਈ ਜਾਵੇ ਤੇ ਨਾ ਹੀ ਕਿਸੇ ਗੁਰੂਘਰ ਜਾਂ ਸੰਗਤ ਕੋਲੋਂ ਮਾਇਆ ਮੰਗੀ ਜਾਵੇ। ਜਿਹੜੀ ਵੀ ਮਾਇਆ ਗੁਰੂ ਦੇ ਨਾਂ ‘ਤੇ ਇਕੱਠੀ ਕੀਤੀ ਗਈ, ਉਹ ਤੁਰੰਤ ਗੁਰੂ ਦੀ ਗੋਲਕ ‘ਚ ਉਨ੍ਹਾਂ ਅਦਾਰਿਆਂ ਵੱਲੋਂ ਜਮ੍ਹਾ ਕਰਵਾਈ ਜਾਵੇ।
ਪੀ. ਟੀ. ਸੀ. ਨੈੱਟਵਰਕ ਦੇ ਐੱਮ. ਡੀ. ਤੇ ਪ੍ਰਧਾਨ ਰਬਿੰਦਰ ਨਰਾਇਣ ਨੇ ਜਥੇਦਾਰ ਨੂੰ ਲਿਖੇ ਤਿੰਨ ਸਫ਼ਿਆਂ ਦੇ ਸਬੂਤਾਂ ਸਮੇਤ ਭੇਜੇ ਪੱਤਰ ‘ਚ ਕਿਹਾ ਕਿ ਅਦਾਰਾ ਪੀ. ਟੀ. ਸੀ. ਨੈੱਟਵਰਕ ਪਿਛਲੇ ਕਈ ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੀ ਸੇਵਾ ਬਿਨਾਂ ਕਿਸੇ ਲਾਲਚ ਤੋਂ ਨਿਰਵਿਘਨ ਨਿਭਾਅ ਰਿਹਾ ਹੈ। ਉਨ੍ਹਾਂ ਪੱਤਰ ‘ਚ ਦੋਸ਼ ਲਾਉਂਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਤੋਂ ਪ੍ਰਸਾਰਿਤ ਹੋ ਰਹੇ ਗੁਰਬਾਣੀ ਦੇ ਪ੍ਰਸਾਰਨ ਦੌਰਾਨ ਮਸ਼ਹੂਰੀ ਵੀ ਚੱਲਦੀ ਹੈ, ਸਪਾਂਸਰਸ਼ਿਪ ਵੀ ਲਈ ਜਾਂਦੀ ਹੈ ਤੇ ਸੰਗਤ ਨੂੰ ਕਿਊਆਰ ਕੋਡ ਜ਼ਰੀਏ ਮਾਇਆ ਭੇਜਣ ਦੀ ਤਾਕੀਦ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗੁਰਬਾਣੀ ਪ੍ਰਸਾਰਨ ‘ਤੇ ਵੀ ਸਕਰੋਲ ਅਤੇ ਸਪਾਂਸਰਸ਼ਿਪ ਚੱਲਦੇ ਹਨ ਤੇ ਸੋਸ਼ਲ ਮੀਡੀਆ ‘ਤੇ ਵੀ ਗੁਰਬਾਣੀ ਦੌਰਾਨ ਇਤਰਾਜ਼ਯੋਗ ਇਸ਼ਤਿਹਾਰ ਦਿਖਾਏ ਜਾਂਦੇ ਹਨ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਗੁਰਬਾਣੀ ਦਾ ਪ੍ਰਸਾਰਨ ਕਿਸੇ ਵੀ ਗੁਰੂ ਘਰ ਤੋਂ ਹੋਵੇ, ਉੱਥੇ ਉਸਦੀ ਦੁਰਵਰਤੋਂ, ਕਿਸੇ ਤਰ੍ਹਾਂ ਵੀ ਸਪਾਂਸਰਸ਼ਿਪ ਜਾਂ ਸੰਗਤ ਕੋਲੋਂ ਮਾਇਆ ਮੰਗਣ ਤੋਂ ਰੋਕਿਆ ਜਾਵੇ। ਸਾਡੀ ਕੌਮ ਇਕ ਹੈ ਤੇ ਤੁਸੀਂ ਸਿਰਫ਼ ਸ਼੍ਰੋਮਣੀ ਕਮੇਟੀ ਦੀ ਹੀ ਨਹੀਂ, ਸਾਰੀ ਕੌਮ ਦੀ ਅਗਵਾਈ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਦਾਰਾ ਪਹਿਲਾਂ ਵੀ ਕਈ ਵਾਰ ਬੇਨਤੀਆਂ ਕਰ ਚੁੱਕਾ ਹੈ, ਪਰ ਇਸ ਨੂੰ ਰੋਕਣ ਲਈ ਨਾ ਤਾਂ ਜਥੇਦਾਰ ਸਾਹਿਬ ਤੇ ਨਾ ਹੀ ਐੱਸ. ਜੀ. ਪੀ. ਸੀ. ਵੱਲੋਂ ਕੋਈ ਉਪਰਾਲਾ ਕੀਤਾ ਗਿਆ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਆਸ ਕਰਦੇ ਹਨ ਕਿ ਤੁਸੀਂ ਗੁਰਬਾਣੀ ਪ੍ਰਸਾਰਨ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਤੇ ਮਸਲੇ ਨੂੰ ਸੁਲਝਾਉਣ ਲਈ ਆਪਣੀ ਦੂਰਅੰਦੇਸ਼ੀ ਤਹਿਤ ਸਖ਼ਤੀ ਨਾਲ ਨਿਰਦੇਸ਼ ਜਾਰੀ ਕਰੋਗੇ।

Leave a comment