#AMERICA

ਗੁਰਬਖਸ਼ ਸਿੱਧੂ ਨੇ ਇੱਕ ਵਾਰ ਫੇਰ ਚਮਕਾਇਆ ਪੰਜਾਬੀਆ ਦਾ ਨਾਮ

ਮੈਕਸੀਕੋ (ਜੁਆਰੇਜ਼), 15 ਨਵੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਨਿਵਾਸੀ ਐਥਲੀਟ ਅਕਸਰ ਐਥਲੈਟਿਕਸ ਮੀਟ ਵਿਚ ਹਿੱਸਾ ਲੈ ਕੇ ਸੀਨੀਅਰ ਖੇਡਾਂ ਵਿਚ ਪੰਜਾਬੀਅਤ ਦਾ ਝੰਡਾ ਬੁਲੰਦ ਕਰਦਾ ਰਹਿੰਦਾ ਹੈ। ਇਸ ਵਾਰ ਗੁਰਬਖ਼ਸ਼ ਸਿੰਘ ਸਿੱਧੂ ਨੇ ਸਿਉਡਾਡ, ਜੁਆਰੇਜ਼ ਮੈਕਸੀਕੋ ਵਿਚ ਉੱਤਰੀ ਮੱਧ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਦੀ ਆਊਟਡੋਰ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। 9 ਤੋਂ 12 ਨਵੰਬਰ ਤੱਕ ਚੱਲੀ ਇਸ ਮੀਟਿੰਗ ਵਿਚ 31 ਦੇਸ਼ਾਂ ਨੇ ਹਿੱਸਾ ਲਿਆ। ਅਮਰੀਕਾ ਭਰ ਤੋਂ 31 ਅਥਲੀਟਾਂ ਪੁਰਸ਼ ਅਤੇ ਔਰਤਾਂ ਨੇ ਭਾਗ ਲਿਆ। ਸਿੱਧੂ ਨੇ ਫਰਿਜ਼ਨੋ ਤੋਂ ਟੀਮ ਯੂ.ਐੱਸ.ਏ. ਦੀ ਨੁਮਾਇੰਦਗੀ ਵੀ ਕੀਤੀ। ਉਸਨੇ ਹੈਮਰ ਥਰੋਅ ਅਤੇ ਵੇਟ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ। ਸਿੱਧੂ ਨੇ ਡਿਸਕਸ ਥਰੋਅ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ। ਸਿੱਧੂ ਨੇ ਫਰਿਜ਼ਨੋ, ਕੈਲੀਫੋਰਨੀਆ ਤੋਂ ਟੀਮ ਯੂ.ਐੱਸ.ਏ. ਦੀ ਨੁਮਾਇੰਦਗੀ ਕਰਦਿਆਂ ਕੁੱਲ 3 ਤਗਮੇ ਜਿੱਤੇ ਹਨ। ਟੀਮ ਯੂ.ਐੱਸ.ਏ. ਨੇ 18 ਸੋਨੇ ਦੇ ਤਗਮੇ, 15 ਚਾਂਦੀ ਦੇ ਤਗਮੇ ਅਤੇ 11 ਕਾਂਸੀ ਦੇ ਤਗਮੇ ਜਿੱਤੇ। ਅਮਰੀਕਾ ਦੀ ਕੁੱਲ ਟੀਮ ਨੇ 44 ਤਗਮੇ ਜਿੱਤੇ।
ਸਿੱਧੂ ਨੇ ਪੱਤਰਕਾਰਾਂ ਨਾਲ ਕਰਦਿਆਂ ਕਿਹਾ ਕਿ ਉਹ 68 ਸਾਲ ਦੀ ਉਮਰ ਵਿਚ ਵੀ ਫਿੱਟ ਮਹਿਸੂਸ ਕਰਦੇ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਫਰਿਜ਼ਨੋ ਵਿਖੇ ਰਹਿਕੇ ਸੀਨੀਅਰ ਖੇਡਾਂ ਵਿਚ ਲਗਾਤਾਰ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਨ੍ਹਾਂ ਸਾਰੇ ਮੁਕਾਬਲਿਆਂ ਵਿਚ ਫਰਿਜ਼ਨੋ ਦੀ ਨੁਮਾਇੰਦਗੀ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।