#PUNJAB

ਗੁਰਦੁਆਰਿਆਂ ਦੀ ਹਦੂਦ ਅੰਦਰ ਯੋਗ ਅਭਿਆਸ ‘ਤੇ ਮੁਕੰਮਲ ਰੋਕ : ਗਿਆਨੀ ਕੁਲਦੀਪ ਸਿੰਘ ਗੜਗੱਜ

– ਸਿੱਖ ਸਿਧਾਂਤਾਂ ਦੀ ਖਿਲਾਫ਼ਵਰਜ਼ੀ ਦੱਸਿਆ; ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਰਹਿਣ ਦੀ ਸਲਾਹ
– ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਆ
ਅੰਮ੍ਰਿਤਸਰ, 28 ਜੁਲਾਈ (ਪੰਜਾਬ ਮੇਲ)- ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਿਆਂ ਦੇ ਕੈਂਪਸ ਵਿਚ ਸਥਿਤ ਲੰਗਰ ਹਾਲ ਜਾਂ ਹੋਰ ਥਾਵਾਂ ‘ਤੇ ਯੋਗ ਅਭਿਆਸ ਕਰਨ ਜਾਂ ਕਰਵਾਉਣ ਨੂੰ ਸਿੱਖ ਸਿਧਾਂਤਾਂ ਦੇ ਖਿਲਾਫ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੀ ਹਦੂਦ ਅੰਦਰ ਯੋਗ ਅਭਿਆਸ ‘ਤੇ ਮੁਕੰਮਲ ਰੋਕ ਰਹੇਗੀ। ਜਥੇਦਾਰ ਗੜਗੱਜ ਇਥੇ ਮੀਰੀ-ਪੀਰੀ ਖਾਲਸਾ ਮਾਰਚ ਦੌਰਾਨ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਜਥੇਦਾਰ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਵਿਖੇ ਇਸ ਸਬੰਧੀ ਸ਼ਿਕਾਇਤ ਵੀ ਪੁੱਜੀ ਸੀ। ਉਦੋਂ ਵੀ ਇਸ ‘ਤੇ ਕਾਰਵਾਈ ਕਰਦਿਆਂ ਗੁਰਦੁਆਰਿਆਂ ਅੰਦਰ ਯੋਗ ਕਲਾਸਾਂ ਲਾਉਣ ਤੋਂ ਵਰਜਿਆ ਗਿਆ ਸੀ।
ਹਾਲ ਹੀ ਵਿਚ ਸੀ.ਐੱਮ. ਦੀ ਯੋਗਸ਼ਾਲਾ ਹੇਠ ਗੁਰਦੁਆਰੇ ਦੇ ਲੰਗਰ ਹਾਲ ਵਿਚ ਯੋਗ ਅਭਿਆਸ ਦੀ ਕਲਾਸ ਲਾਈ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈ ਸੀ। ਕੁਝ ਸਿੱਖ ਨੌਜਵਾਨਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਨੇ ਬਾਅਦ ਵਿਚ ਸ੍ਰੀ ਅਕਾਲ ਤਖ਼ਤ ਵਿਖੇ ਸ਼ਿਕਾਇਤ ਵੀ ਕੀਤੀ ਸੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਧਰਮ ਦੇ ਸਿਧਾਂਤਾਂ ਅਤੇ ਰਵਾਇਤਾਂ ਮੁਤਾਬਕ ਗੁਰਦੁਆਰਿਆਂ ਵਿਚ ਯੋਗ ਕਰਨਾ ਜਾਂ ਕਰਵਾਉਣਾ ਮਨਮਤ ਹੈ। ਸਿੱਖ ਧਰਮ ਇਸ ਨੂੰ ਮਾਨਤਾ ਨਹੀਂ ਦਿੰਦਾ ਹੈ। ਕੋਈ ਨਿੱਜੀ ਰੂਪ ਵਿਚ ਆਪਣੇ ਘਰ ਵਿਚ ਜਾਂ ਹੋਰ ਥਾਵਾਂ ‘ਤੇ ਇਸ ਨੂੰ ਕਰ ਸਕਦਾ ਹੈ ਪਰ ਗੁਰਦੁਆਰਿਆਂ ਵਿਚ ਅਜਿਹਾ ਕਰਨ ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਇਸ ਮਾਮਲੇ ਵਿਚ ਸੁਚੇਤ ਰਹਿਣ। ਪ੍ਰਬੰਧਕ ਕਮੇਟੀਆਂ ਨੂੰ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਚੇਤੇ ਰਹੇ ਕਿ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਈ ਵਲੌਗਰ ਕੁੜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਯੋਗ ਅਭਿਆਸ ਵਾਲੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਸੀ। ਇਸ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਸੀ ਅਤੇ ਉਸ ਨੂੰ ਕਾਨੂੰਨੀ ਕਾਰਵਾਈ ਲਈ ਨੋਟਿਸ ਵੀ ਭੇਜਿਆ ਸੀ।