#AMERICA

ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵੱਲੋਂ ਸਜਾਏ ਗਏ ਪਹਿਲੇ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਸੈਕਰਾਮੈਂਟੋ, 29 ਮਾਰਚ (ਪੰਜਾਬ ਮੇਲ)- ਸੈਕਰਾਮੈਂਟੋ ਸਿੱਖ ਸੁਸਾਇਟੀ ਵੱਲੋਂ ਹੋਲੇ-ਮਹੱਲੇ ਦੇ ਸ਼ੁੱਭ ਮੌਕੇ ‘ਤੇ ਪਹਿਲੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। 2 ਹਫਤੇ ਚੱਲੇ ਸਮਾਗਮਾਂ ਦੌਰਾਨ ਬਹੁਤ ਸਾਰੇ ਕਥਾਵਾਚਕ, ਰਾਗੀ ਅਤੇ ਢਾਡੀ ਜੱਥਿਆਂ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ। ਕਥਾਵਾਚਕ ਭਾਈ ਪਿੰਦਰਪਾਲ ਸਿੰਘ ਤੋਂ ਇਲਾਵਾ ਭਾਈ ਹਰਜਿੰਦਰਪਾਲ ਸਿੰਘ ਸ੍ਰੀਨਗਰ ਵਾਲੇ, ਭਾਈ ਹਰਜੀਤਪਾਲ ਸਿੰਘ ਹਜ਼ੂਰੀ ਰਾਗੀ, ਭਾਈ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਡਾ. ਗਗਨਦੀਪ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਭਾਈ ਸੁਖਵਿੰਦਰ ਸਿੰਘ ਦੇ ਢਾਡੀ ਜੱਥੇ ਨੇ ਆਈਆਂ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਇਆ।
ਸ਼ੁੱਕਰਵਾਰ ਦੀ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਗਈ, ਜੋ ਕਿ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ। ਹਜ਼ਾਰਾਂ ਦੀ ਗਿਣਤੀ ਵਿਚ ਆਈ ਸੰਗਤ ਨੇ ਇਸ ਦਾ ਆਨੰਦ ਮਾਣਿਆ। ਸ਼ਨੀਵਾਰ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ਜਥੇਬੰਦੀਆਂ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ ਸੀ। ਕੁੱਝ ਦੁਕਾਨਾਂ ਵੀ ਸਜਾਈਆਂ ਗਈਆਂ ਸਨ, ਜਿੱਥੋਂ ਸੰਗਤਾਂ ਨੇ ਖਰੀਦੋ-ਫਰੋਖਤ ਕੀਤੀ। ਐਤਵਾਰ ਸਵੇਰੇ ਨਗਰ ਕੀਰਤਨ ਦਾ ਆਰੰਭ ਹੋਇਆ। ਭਾਈ ਪਿੰਦਰਪਾਲ ਸਿੰਘ ਨੇ ਅਰਦਾਸ ਕੀਤੀ। ਪੰਜ ਪਿਆਰਿਆਂ ਦੀ ਅਗਵਾਈ ਵਿਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਨੇ ਚਾਲੇ ਪਾਏ। ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਦਸਤਾਰਧਾਰੀ ਮੋਟਰਸਾਈਕਲ ਸਵਾਰ ਨਗਰ ਕੀਰਤਨ ਦੇ ਅੱਗੇ-ਅੱਗੇ ਚੱਲ ਰਹੇ ਸਨ। ਕੁੱਝ ਬੀਬੀਆਂ ਨਗਰ ਕੀਰਤਨ ਦੇ ਅੱਗੇ-ਅੱਗੇ ਸਫਾਈ ਵੀ ਕਰ ਰਹੀਆਂ ਸਨ। ਬਹੁਤ ਸਾਰੇ ਫਲੋਟ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਏ, ਜਿਸ ਵਿਚ ਕੀਰਤਨ ਪ੍ਰਵਾਹ ਚੱਲ ਰਿਹਾ ਸੀ। ਇਸ ਵਿਸ਼ਾਲ ਨਗਰ ਕੀਰਤਨ ਵਿਚ 15 ਹਜ਼ਾਰ ਦੇ ਕਰੀਬ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਬਹੁਤ ਸ਼ਾਂਤੀਪੂਰਵਕ ਰਿਹਾ, ਜਿਸ ਦੇ ਲਈ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ। ਰਸਤੇ ਵਿਚ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਆਈਆਂ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਨਗਰ ਕੀਰਤਨ ਅਨੁਸ਼ਾਸਨ ਵਿਚ ਵਾਪਸ ਗੁਰੂਘਰ ਵਿਖੇ ਪਹੁੰਚਿਆ ਅਤੇ ਇਹ ਪਹਿਲਾ ਨਗਰ ਕੀਰਤਨ ਕਾਮਯਾਬੀ ਨਾਲ ਸੰਪੰਨ ਹੋਇਆ। ਪ੍ਰਬੰਧਕਾਂ ਨੇ ਪੰਜਾਬ ਮੇਲ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਸਾਲ 2024 ਵਿਚ ਨਗਰ ਕੀਰਤਨ 24 ਮਾਰਚ ਨੂੰ ਹੋਵੇਗਾ।

Leave a comment