-ਗਿਆਨੀ ਜਗਤਾਰ ਸਿੰਘ ਅਤੇ ਡਾ. ਪਰਮਜੀਤ ਸਿੰਘ ਸਰੋਆ ਵਿਸ਼ੇਸ਼ ਸੱਦੇ ’ਤੇ ਪਹੁੰਚੇ
ਸੈਕਰਾਮੈਂਟੋ, 21 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਵਿਖੇ ਸਿੱਖੀ ਪ੍ਰਚਾਰ-ਪ੍ਰਸਾਰ ਵਿਚ ਮਿਸਾਲੀ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਬਾਬਾ ਨਿਧਾਨ ਸਿੰਘ ਜੀ ਅਤੇ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ ਯਾਦ ਮਨਾਈ ਗਈ| ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨਾਂ ਦੀ ਸ਼ੁਰੂਆਤ ਹੋਈ| ਭਾਈ ਚਮਨ ਸਿੰਘ ਅਤੇ ਭਾਈ ਮਹਿੰਦਰ ਸਿੰਘ ਖਾਦਮ ਕਥਾਵਾਚਕ ਦੋਨਾਂ ਨੇ ਮਹਾਂਪੁਰਸ਼ਾਂ ਦੇ ਜੀਵਨ ਅਤੇ ਕਾਰਜਾਂ ’ਤੇ ਚਾਨਣਾ ਪਾਇਆ| ਭਾਈ ਮੋਹਣ ਸਿੰਘ ਬਡਾਨਾਂ ਦੇ ਢਾਡੀ ਜੱਥੇ ਵੱਲੋਂ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਗਿਆ| ਭਾਈ ਜੈਮਲ ਸਿੰਘ ਜੀ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਨਿਹਾਲ ਕੀਤਾ ਗਿਆ| ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾ. ਪਰਮਜੀਤ ਸਿੰਘ ਸਰੋਆ ਨੇ ਕਿਹਾ ਕਿ ਬਾਬਾ ਨਿਧਾਨ ਸਿੰਘ ਜੀ ਅਤੇ ਭਗਤ ਪੂਰਨ ਸਿੰਘ ਜੀ ਨੇ ਸੇਵਾ-ਸਿਮਰਨ ਰਾਹੀਂ ਸੰਸਾਰ ਭਰ ’ਚ ਵੱਸਦੀ ਲੋਕਾਈ ਨੂੰ ਪ੍ਰਭਾਵਿਤ ਕੀਤਾ ਅਤੇ ਦੁਨੀਆਂ ਵਿਚ ਸਿੱਖੀ ਦਾ ਨਾਮ ਰੋਸ਼ਨ ਕੀਤਾ| ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਖ਼ਸੀਅਤਾਂ ਦਾ ਸੇਵਾ ਦੇ ਖੇਤਰ ਵਿਚ ਮਿਸਾਲੀ ਯੋਗਦਾਨ ਹੈ| ਅਜਿਹੀਆਂ ਸ਼ਖ਼ਸੀਅਤਾਂ ਦਾ ਜੀਵਨ ਸਮਾਜ ਲਈ ਪ੍ਰੇਰਨਾ ਸਰੋਤ ਹੁੰਦਾ ਹੈ, ਤਾਂ ਹੀ ਇਨ੍ਹਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਹਨ| ਉਨ੍ਹਾਂ ਕਿਹਾ ਕਿ ਸੇਵਾ ਦਾ ਖੇਤਰ ਭਾਸ਼ਾਵਾਂ ਦੀਆਂ ਵੱਲਗਣਾਂ ਤੋਂ ਉੱਪਰ ਹੈ| ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੋਕੇ ਸਮਾਜ ਨੂੰ ਅੱਜ ਇਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਸਖ਼ਤ ਲੋੜ ਹੈ| ਸਟੇਜ ਸਕੱਤਰ ਦੀ ਸੇਵਾ ਹਰਚਰਨ ਸਿੰਘ ਗੁਲਾਟੀ ਨੇ ਬਾਖੂਬੀ ਨਿਭਾਈ| ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਪ੍ਰੇਮ ਸਿੰਘ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ ਗਿਆ| ਸਮਾਗਮ ਦੇ ਆਯੋਜਨ ਮੌਕੇ ਸੁਰਿੰਦਰ ਸਿੰਘ ਮਿਨਹਾਸ ਅਤੇ ਪ੍ਰਬੰਧਕ ਬਲਬੀਰ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਡਾ. ਪਰਮਜੀਤ ਸਿੰਘ ਸਰੋਆ ਦਾ ਸਨਮਾਨ ਵੀ ਕੀਤਾ ਗਿਆ| ਹੋਰਨਾਂ ਤੋਂ ਇਲਾਵਾ ਪਲਵਿੰਦਰ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ ਦਿਹਾਣਾ, ਜੋਗਾ ਸਿੰਘ ਜਸਵਾਲ, ਮਲਕੀਅਤ ਸਿੰਘ ਮਾਹਣਾ, ਕਰਨਲ ਰਾਜਾ ਰਾਠੌਰ, ਗੁਰਦਿਆਲ ਸਿੰਘ ਕਾਲਾ, ਕਸ਼ਮੀਰਾ ਸਿੰਘ ਮਨਸੂਰਪੁਰ ਅਤੇ ਗੁਰੂ ਘਰ ਦਾ ਸਟਾਫ਼ ਵੀ ਹਾਜਰ ਸੀ| ਗਿਆਨੀ ਕੁਲਦੀਪ ਸਿੰਘ ਹੈੱਡ-ਗ੍ਰੰਥੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ|